ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਇਆ ਮੁਕਾਬਲਾ, ਇਕ ਜ਼ਖਮੀ

ਜਗਰਾਉਂ, (ਲੁਧਿਆਣਾ), 23 ਅਗਸਤ (ਕੁਲਦੀਪ ਸਿੰਘ ਲੋਹਟ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਡਾਕਟਰ ਅੰਕੁਰ ਗੁਪਤਾ ਵਲੋਂ ਗੈਂਗਸਟਰਾਂ, ਲੁਟੇਰਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਲੁਧਿਆਣਾ ਦਿਹਾਤੀ ਦੀ ਪੁਲਿਸ ਦੇ ਐਸ.ਪੀ. ਹਰਕਮਲ ਕੌਰ, ਡੀ.ਐਸ.ਪੀ.ਡੀ. ਇੰਦਰਜੀਤ ਸਿੰਘ ਬੋਪਾਰਾਏ, ਡੀ.ਐਸ.ਪੀ. ਜਸਜੋਤ ਸਿੰਘ, ਸੀ.ਆਈ.ਏ. ਸਟਾਫ ਦੇ ਮੁੱਖ ਅਫਸਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ, ਸਿੱਧਵਾਂ ਬੇਟ ਦੇ ਮੁੱਖ ਅਫਸਰ ਇੰਸਪੈਕਟਰ ਹੀਰਾ ਸਿੰਘ ਤੇ ਉਨ੍ਹਾਂ ਦੀ ਪੁਲਿਸ ਪਾਰਟੀ ਦੇ ਹੱਥ ਵੱਡੀ ਕਾਮਯਾਬੀ ਲੱਗੀ।
ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਨੂੰ ਮੁਖਬਰ ਦੀ ਇਤਲਾਹ ਉਤੇ ਪਤਾ ਲੱਗਾ ਕਿ ਸਿੱਧਵਾਂ ਬੇਟ ਏਰੀਏ ਵਿਚ ਕੁਝ ਸ਼ੱਕੀ ਵਿਅਕਤੀ ਘੁੰਮ ਰਹੇ ਹਨ ਅਤੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਪਤਾ ਲੱਗਾ ਕਿ ਉਨ੍ਹਾਂ ਕੋਲ ਅਸਲਾ ਅਤੇ ਵਿਸਫੋਟਕ ਪਦਾਰਥ ਹਨ। ਇਸ ਉਤੇ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਸਾਡੀ ਪੁਲਿਸ ਪਾਰਟੀ ਜੰਡੀ ਤੋਂ ਆਉਂਦੇ ਕੱਚੇ ਰਸਤੇ ਉੱਪਰ ਗਸ਼ਤ ਕਰ ਰਹੀ ਸੀ ਤਾਂ ਦੂਸਰੀ ਸਾਈਡ ਤੋਂ ਆਉਂਦੀ ਸਕਾਰਪੀਓ ਕਾਰ ਵਿਚ ਬੈਠੇ ਵਿਅਕਤੀ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਏ ਅਤੇ ਉਨ੍ਹਾਂ ਨੇ ਗੱਡੀ ਭਜਾ ਲਈ। ਉਨ੍ਹਾਂ ਦੀ ਗੱਡੀ ਇਕ ਦਰੱਖਤ ਨਾਲ ਟਕਰਾਅ ਗਈ। ਗੱਡੀ ਵਿਚ ਕੁੱਲ ਪੰਜ ਵਿਅਕਤੀ ਸਨ। ਗੱਡੀ ਦੀ ਪਿਛਲੀ ਤਾਕੀ ਖੋਲ੍ਹ ਕੇ ਉਤਰੇ ਇਕ ਵਿਅਕਤੀ ਨੇ ਪੁਲਿਸ ਪਾਰਟੀ ਉੱਪਰ ਗੋਲੀ ਚਲਾ ਦਿੱਤੀ। ਇਹ ਗੋਲੀ ਸਾਡੇ ਪੁਲਿਸ ਪਾਰਟੀ ਦੇ ਇਕ ਜਵਾਨ ਦੀ ਪੱਗ ਵਿਚ ਲੱਗੀ।
ਜਵਾਬੀ ਕਾਰਵਾਈ ਵਿਚ ਪੁਲਿਸ ਪਾਰਟੀ ਨੇ ਗੋਲੀ ਚਲਾਈ ਜੋ ਕਿ ਉਸ ਦੀ ਲੱਤ ਵਿਚ ਲੱਗੀ। ਇਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਐਂਬੂਲੈਂਸ ਨੂੰ ਬੁਲਾ ਕੇ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਅਰਜਨ ਨਾਮ ਦੇ ਵਿਅਕਤੀ ਕੋਲੋਂ ਇਕ ਗ੍ਰਨੇਡ ਵੀ ਮਿਲਿਆ ਹੈ। ਬੰਬ ਸਕੁਐਡ ਟੀਮ ਨੂੰ ਬੁਲਾ ਕੇ ਉਸ ਨੂੰ ਡਿਫਿਊਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ 32 ਬੋਰ ਦਾ ਪਿਸਟਲ ਵੀ ਬਰਾਮਦ ਹੋਇਆ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਤਰਨਤਾਰਨ ਏਰੀਏ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਘਟਨਾ ਨਾਲ ਸੰਬੰਧਿਤ ਵਿਅਕਤੀ ਹੋਣਗੇ, ਉਨ੍ਹਾਂ ਨੂੰ ਕਿਸੇ ਕੀਮਤ ਉਤੇ ਬਖਸ਼ਾਂਗੇ ਨਹੀਂ।