ਹੁਸ਼ਿਆਰਪੁਰ 'ਚ ਐਲ.ਪੀ.ਜੀ. ਟੈਂਕਰ ਨੂੰ ਅੱਗ ਲੱਗਣ ਕਾਰਨ 2 ਮੌਤਾਂ, ਕਈ ਝੁਲਸੇ

ਹੁਸ਼ਿਆਰਪੁਰ, 22 ਅਗਸਤ (ਹਰਪ੍ਰੀਤ ਕੌਰ)-ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਦੇਰ ਰਾਤ ਹੁਸ਼ਿਆਰਪੁਰ-ਜਲੰਧਰ ਸੜਕ 'ਤੇ ਇਕ ਐਲ.ਪੀ.ਜੀ. ਟੈਂਕਰ ਨੂੰ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਝੁਲਸ ਗਏ | ਪੁਲਿਸ ਨੇ ਦੱਸਿਆ ਕਿ ਅੱਗ ਤੇਜ਼ੀ ਨਾਲ ਫੈਲ ਗਈ ਤੇ ਮੰਡਿਆਲਾ ਅੱਡਾ ਖੇਤਰ ਦੇ ਆਸ-ਪਾਸ ਦੇ ਲਗਭਗ 15 ਦੁਕਾਨਾਂ ਤੇ ਚਾਰ ਤੋਂ ਪੰਜ ਰਿਹਾਇਸ਼ੀ ਘਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਤੇ ਸੀਨੀਅਰ ਪੁਲਿਸ ਸੁਪਰਡੈਂਟ ਸੰਦੀਪ ਕੁਮਾਰ ਮਲਿਕ ਮੌਕੇ 'ਤੇ ਪਹੁੰਚੇ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ | ਹਾਲਾਂਕਿ ਹੁਸ਼ਿਆਰਪੁਰ ਦੇ ਸਿਵਲ ਸਰਜਨ ਨੇ ਫਿਲਹਾਲ ਇਕ ਮੌਤ ਦੀ ਪੁਸ਼ਟੀ ਕੀਤੀ ਹੈ | ਘਟਨਾ ਦੇ ਚਸ਼ਮਦੀਦ ਗਵਾਹ ਗੁਰਮੁਖ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਦੇ ਕਰੀਬ ਅੱਡੇ ਨੇੜਿਓਾ ਲੰਘ ਰਹੇ ਐਲ.ਪੀ.ਜੀ. ਟੈਂਕਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਟੈਂਕਰ ਵਿਚਲੀ ਗੈਸ ਫ਼ੈਲਣੀ ਸ਼ੁਰੂ ਹੋ ਗਈ | ਦੇਖਦਿਆਂ ਹੀ ਦੇਖਦਿਆਂ ਗੈਸ ਨੇ ਅੱਗ ਫ਼ੜ ਲਈ ਤੇ ਸਾਰਾ ਇਲਾਕਾ ਅੱਗ ਦੇ ਗੋਲੇ 'ਚ ਬਦਲ ਗਿਆ | ਧਮਾਕਾ ਸੁਣਦੇ ਹੀ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ ਤੇ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ | ਅੱਡੇ 'ਚ ਸਥਿਤ ਸਾਰੀਆਂ ਦੁਕਾਨਾਂ ਨੂੰ ਵੀ ਅੱਗ ਲੱਗ ਗਈ | ਸੂਚਨਾ ਮਿਲਣ 'ਤੇ ਪ੍ਰਸ਼ਾਸਨ ਹਰਕਤ 'ਚ ਆ ਗਿਆ ਤੇ ਫ਼ਾਇਰ ਬਿ੍ਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ | ਸੜਕ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਤੇ ਅੱਗ 'ਚ ਫ਼ਸੇ ਲੋਕਾਂ ਨੂੰ ਬਾਹਰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ | ਜ਼ਖਮੀਆਂ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਤੋਂ ਇਲਾਵਾ ਨਜ਼ਦੀਕੀ ਪ੍ਰਾਈਵੇਟ ਹਸਪਤਾਲਾਂ ਤੇ ਆਦਮਪੁਰ ਦੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ | ਸਿਵਲ ਸਰਜਨ ਡਾ. ਪਵਨ ਸ਼ਗੋਤਰਾ ਨੇ ਦੱਸਿਆ ਕਿ ਜ਼ਖ਼ਮੀਆਂ 'ਚ ਕਈ ਛੋਟੇ ਬੱਚੇ ਤੇ ਮਹਿਲਾਵਾਂ ਵੀ ਸ਼ਾਮਿਲ ਹਨ | ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅੱਗ ਨੂੰ ਕਾਬੂ ਕਰਨ ਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਆਦਮਪੁਰ ਏਅਰ ਫ਼ੋਰਸ ਦੀ ਵੀ ਮਦਦ ਲਈ ਗਈ |