ਐਸ. ਡੀ. ਐਮ. ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਵਾਸੀਆਂ ਨੂੰ ਮਿਲੇ

ਗੁਰੂ ਹਰਸਹਾਏ/ ਫਿਰੋਜ਼ਪੁਰ, 20 ਅਗਸਤ (ਹਰਚਰਨ ਸਿੰਘ ਸੰਧੂ)-ਐਸ.ਡੀ.ਐਮ. ਗੁਰੂਹਰਸਹਾਏ ਉਦੇਦੀਪ ਸਿੰਘ ਵਲੋਂ ਵੀ ਲਗਾਤਾਰ ਆਪਣੇ ਡਵੀਜ਼ਨ ਅੰਦਰ ਪੈਂਦੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਐਸ.ਡੀ.ਐਮ. ਨੇ ਦੱਸਿਆ ਕਿ ਮਾਣਯੋਗ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਵਲੋਂ ਦਿੱਤੇ ਜਾ ਰਹੇ ਨਿਰਦੇਸ਼ਾਂ ਤਹਿਤ ਸਬ-ਡਵੀਜ਼ਨ ਗੁਰੂ ਹਰਸਹਾਏ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਜਿਥੇ ਕਿਤੇ ਵੀ ਕਿਸੇ ਤਰ੍ਹਾਂ ਦੀ ਲੋੜ ਦੀ ਜ਼ਰੂਰਤ ਹੈ, ਉਸ ਮੁਤਾਬਕ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਵੀ ਗਜ਼ਨੀ ਵਾਲਾ ਅਤੇ ਰਾਜਾ ਰਾਏ ਪਿੰਡਾਂ ਸਮੇਤ ਸਤਲੁਜ ਦਰਿਆ ਕਿਨਾਰੇ ਸਥਿਤ ਹੋਰ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ।
ਫਿਲਹਾਲ ਸਥਿਤੀ ਪੂਰੀ ਤਰ੍ਹਾਂ ਨਾਲ ਕੰਟਰੋਲ ਵਿਚ ਹੈ ਅਤੇ ਦਰਿਆ ਵਿਚ ਪਿੱਛੋਂ ਆ ਰਿਹਾ ਪਾਣੀ ਲਗਾਤਾਰ ਆਪਣੀ ਰਫਤਾਰ ਨਾਲ ਨਿਕਲ ਰਿਹਾ ਹੈ। ਜਿਥੇ ਕਿਤੇ ਬੰਨ੍ਹ ਮਜ਼ਬੂਤ ਕਰਨ ਦੀ ਜ਼ਰੂਰਤ ਹੈ, ਉਥੇ ਬੰਨ੍ਹ ਮਜ਼ਬੂਤ ਕੀਤੇ ਜਾ ਰਹੇ ਹਨ। ਡਰੇਨਜ਼ ਵਿਭਾਗ ਦੇ ਅਧਿਕਾਰੀ ਲਗਾਤਾਰ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿਚ ਨਜ਼ਰ ਰੱਖ ਰਹੇ ਹਨ। ਪਾਣੀ ਦੀ ਨਿਕਾਸੀ ਲਗਾਤਾਰ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਇਹਤਿਆਤ ਦੇ ਤੌਰ ਉਤੇ ਰਾਹਤ ਕੈਂਪ ਤਿਆਰ ਕੀਤੇ ਗਏ ਹਨ। ਇਨ੍ਹਾਂ ਕੈਂਪਾਂ ਵਿਚ ਸਾਰੀਆਂ ਮੁਢਲੀਆਂ ਸਹਾਇਤਾ ਮੁਹੱਈਆ ਕਰਵਾਈਆਂ ਗਈਆਂ ਹਨ। ਸਬ ਡਵੀਜ਼ਨ ਵਿਚ ਪੈਂਦੇ ਨਾਲੇ ਨਦੀਆਂ ਦੀ ਪਹਿਲਾਂ ਹੀ ਸਫਾਈ ਕਰਵਾ ਦਿੱਤੀ ਗਈ ਸੀ। ਫਿਰ ਵੀ ਜਿਥੇ ਕਿਤੇ ਸੂਚਨਾ ਮਿਲਦੀ ਹੈ, ਉਸੇ ਸਮੇਂ ਪਾਣੀ ਦੀ ਨਿਕਾਸੀ ਲਈ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਸਬ-ਡਵੀਜ਼ਨ ਅਧੀਨ ਸਤਲੁਜ ਦਰਿਆ ਕਿਨਾਰੇ ਪੈਂਦੇ ਪਿੰਡ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਕਿਸੇ ਤਰ੍ਹਾਂ ਨਾਲ ਕਿਸੇ ਪਿੰਡ ਵਿਚ ਦਰਿਆ ਦਾ ਪਾਣੀ ਦਾਖਲ ਹੋਣ ਸਬੰਧੀ ਹਾਲੇ ਤੱਕ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਨੇ ਵੀ ਸਬ-ਡਵੀਜ਼ਨ ਅਧੀਨ ਲੰਘਦੇ ਸਤਲੁਜ ਦਰਿਆ ਦੇ ਕਿਨਾਰੇ ਰਹਿਣ ਵਾਲਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਨਾਲ ਖੜ੍ਹਾ ਹੈ। ਜੇਕਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆ ਸਕਦੇ ਹਨ।