ਰਾਜੀਵ ਗਾਂਧੀ ਦੀ ਜਯੰਤੀ: ਰਾਹੁਲ, ਪਿ੍ਅੰਕਾ ਸਮੇਤ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਨਵੀਂ ਦਿੱਲੀ, 20 ਅਗਸਤ- ਕਾਂਗਰਸ ਨੇਤਾ ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਨੇ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 81ਵੀਂ ਜਯੰਤੀ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਗਈ।
ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ, ਰਾਹੁਲ ਗਾਂਧੀ ਨੇ ਆਪਣੇ ਪਿਤਾ ਦੇ ਦਿਆਲੂ ਸੁਭਾਅ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਸਦਭਾਵਨਾ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਇਕ ਭਾਰਤ, ਜਿਥੇ ਹਰ ਨਾਗਰਿਕ ਦਾ ਸਤਿਕਾਰ ਕੀਤਾ ਜਾਂਦਾ ਹੈ, ਜਿਥੇ ਸਦਭਾਵਨਾ ਹੁੰਦੀ ਹੈ ਅਤੇ ਦੇਸ਼ ਲੋਕਤੰਤਰ ਅਤੇ ਸੰਵਿਧਾਨ ਨਾਲ ਮਜ਼ਬੂਤ ਖੜ੍ਹਾ ਹੁੰਦਾ ਹੈ। ਪਾਪਾ, ਤੁਹਾਡੇ ਦੁਆਰਾ ਕਲਪਨਾ ਕੀਤੇ ਗਏ ਇਸ ਸੁਪਨੇ ਨੂੰ ਪੂਰਾ ਕਰਨਾ ਮੇਰੀ ਜ਼ਿੰਦਗੀ ਦਾ ਟੀਚਾ ਹੈ।
ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਵੀ ਆਪਣੇ ਪਿਤਾ ਨੂੰ ਵੀ ਯਾਦ ਕਰਦੇ ਹੋਏ ਕਿਹਾ ਕਿ ਤੁਹਾਡੇ ਤੋਂ ਸਾਨੂੰ ਦਇਆ, ਪਿਆਰ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਵਿਰਾਸਤ ਵਿਚ ਮਿਲੀਆਂ ਹਨ। ਅਸੀਂ ਦੋਵੇਂ ਹਮੇਸ਼ਾ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਾਂਗੇ। ਕੋਈ ਵੀ ਉਨ੍ਹਾਂ ਨੂੰ ਤੋੜ ਨਹੀਂ ਸਕੇਗਾ, ਕੋਈ ਉਨ੍ਹਾਂ ਨੂੰ ਰੋਕ ਨਹੀਂ ਸਕੇਗਾ, ਅਤੇ ਨਾ ਹੀ ਸਾਡੇ ਕਦਮ ਕਦੇ ਡਗਮਗਾਉਣਗੇ।
ਅੱਜ ਆਲ ਇੰਡੀਆ ਕਾਂਗਰਸ ਕਮੇਟੀ ਨੇ ਰਾਜੀਵ ਗਾਂਧੀ ਦੇ ਸਮਾਰਕ, ਵੀਰ ਭੂਮੀ ਵਿਖੇ ਇਕ ਯਾਦਗਾਰੀ ਪ੍ਰੋਗਰਾਮ ਦਾ ਆਯੋਜਨ ਕੀਤਾ, ਜਿਥੇ ਕਾਂਗਰਸ ਪ੍ਰਧਾਨ ਮੱਲਿਕ ਅਰਜੁਨ ਖੜਗੇ, ਕੇ. ਸੀ. ਵੇਣੂਗੋਪਾਲ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਮੌਜੂਦ ਸਨ।
ਇਸ ਮੌਕੇ ਖੜਗੇ ਨੇ ਕਿਹਾ ਕਿ ਅੱਜ, ਜਦੋਂ ਅਸੀਂ ਸਦਭਾਵਨਾ ਦਿਵਸ ਮਨਾਉਂਦੇ ਹਾਂ, ਅਸੀਂ ਰਾਜੀਵ ਗਾਂਧੀ ਨੂੰ ਯਾਦ ਕਰਦੇ ਹਾਂ, ਇਕ ਸ਼ਾਨਦਾਰ ਨੇਤਾ, ਜਿਸਨੇ ਲੱਖਾਂ ਲੋਕਾਂ ਵਿਚ ਉਮੀਦ ਜਗਾਈ ਅਤੇ ਭਾਰਤ ਨੂੰ 21ਵੀਂ ਸਦੀ ਵਿਚ ਅੱਗੇ ਵਧਾਇਆ।