ਦੋ ਧੜਿਆਂ ਵਿਚ ਚੱਲੀਆਂ ਗੋਲੀਆਂ ਦੌਰਾਨ 2 ਨੌਜਵਾਨ ਜਖ਼ਮੀ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੈਂਗਸਟਰ ਦਾ ਕੀਤਾ ਐਨਕਾਊਂਟਰ

ਛੇਹਰਟਾ (ਅੰਮ੍ਰਿਤਸਰ),16 ਅਗਸਤ (ਪੱਤਰ ਪ੍ਰੇਰਕ) - ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੇ ਪੁਲਿਸ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਤੇ ਪੁਲਿਸ ਦੀ ਮੁਸਤੈਦੀ ਦੇ ਨਾਲ ਇਕ ਵੱਡਾ ਗੈਂਗਵਾਰ ਟਲ ਗਿਆ ਹੈ। ਇਸ ਸਬੰਧੀ ਡੀਸੀਪੀ ਐਚਪੀਐਸ ਸੰਧੂ ਤੇ ਏਸੀਪੀ ਪੱਛਮੀ ਸ਼ਿਵਦਰਸ਼ਨ ਸਿੰਘ ਸੰਧੂ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਧੱਕਾ ਕਲੋਨੀ ਵਿਖੇ ਨਿੱਜੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ਵਿਚ ਫਾਇਰਿੰਗ ਹੋਈ ਹੈ, ਜਿਸ ਨਾਲ 2 ਨੌਜਵਾਨ ਜ਼ਖ਼ਮੀ ਹੋ ਗਏ ਹਨ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਦੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੂੰ ਮੌਕੇ 'ਤੇ ਪਹੁੰਚਦਾ ਵੇਖ ਕੇ ਨਿਕਲ ਚਾਹਲ ਉਰਫ ਗਵਾਲਾ ਨਾਮ ਦੇ ਗੈਂਗਸਟਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਨਿਖਿਲ ਚਾਹਲ ਨੇ ਪੁਲਿਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਤੇ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਨਿਕਲ ਚਾਹਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵੱਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਿਕਲ ਚਾਹਿਲ ਉੱਪਰ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ 2 ਮਾਮਲੇ ਦਰਜ ਹਨ ਤੇ ਜਿਨ੍ਹਾਂ ਵਿਚੋਂ ਉਹ ਭਗੋੜਾ ਸੀ।ਪੁਲਿਸ ਨੇ ਮੌਕੇ ਤੋਂ ਇਕ 30 ਬੋਰ ਦਾ ਪਿਸਤੌਲ ਤੇ 6 ਖੋਲ ਬਰਾਮਦ ਕੀਤੇ ਹਨ।