JALANDHAR WEATHER

ਪੁਲਿਸ ਮੁਕਾਬਲੇ ਦੌਰਾਨ 2 ਬਦਮਾਸ਼ ਹਥਿਆਰਾਂ ਸਣੇ ਕਾਬੂ

ਮੱਖੂ, 16 ਅਗਸਤ (ਕੁਲਵਿੰਦਰ ਸਿੰਘ ਸੰਧੂ/ਵਰਿੰਦਰ ਮਨਚੰਦਾ)-ਇੰਸਪੈਕਟਰ ਜਗਦੀਪ ਸਿੰਘ ਥਾਣਾ ਮੁਖੀ ਮੱਖੂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਮੱਖੂ ਨੇੜੇ ਨਹਿਰੀ ਕਾਲੋਨੀ ਮੱਖੂ ਦੀ ਤਿਕੋਣੀ ਉਤੇ ਹੋਏ ਪੁਲਿਸ ਮੁਕਾਬਲੇ ਮੌਕੇ ਫਾਇਰਿੰਗ ਤੋਂ ਬਾਅਦ 2 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਗਿਆ। ਇਸ ਬਾਬਤ ਥਾਣਾ ਮੱਖੂ ਦੇ ਮੁੱਖ ਅਫਸਰ ਇੰਸਪੈਕਟਰ ਜਗਦੀਪ ਸਿੰਘ ਖਹਿਰਾ ਨੇ ਦੱਸਿਆ ਕਿ 14 ਅਗਸਤ ਨੂੰ ਜ਼ੀਰਾ ਵਿਖੇ ਮੰਜੂ ਜਿਊਲਰ ਦੇ ਸ਼ੋਅਰੂਮ ਵਿਚ ਬੈਠੇ ਰਤਨ ਕੁਮਾਰ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਵਲੋਂ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ ਰਤਨ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ। ਜ਼ੀਰਾ ਦੀ ਵਾਰਦਾਤ ਸਬੰਧੀ ਦੋਸ਼ੀਆਂ ਦੀ ਭਾਲ ਵਿਚ ਸਿਟੀ ਜ਼ੀਰਾ ਦੇ ਮੁੱਖ ਅਫਸਰ ਗੁਰਮੀਤ ਸਿੰਘ ਅਤੇ ਸੀ.ਆਈ.ਏ. ਜ਼ੀਰਾ ਦੇ ਮੁੱਖ ਅਫਸਰ ਪਿੱਪਲ ਸਿੰਘ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਬਦਮਾਸ਼ਾਂ ਦੀ ਪੈੜ ਨੱਪ ਰਹੀਆਂ ਸਨ।

ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਾਰਦਾਤ ਵਿਚ ਸ਼ਾਮਿਲ ਮੁਲਜ਼ਮ ਕੈਨਾਲ ਕਾਲੋਨੀ ਨੇੜੇ ਮੋਟਰਸਾਈਕਲ 'ਤੇ ਘੁੰਮ ਰਹੇ ਹਨ। ਕਾਬੂ ਕੀਤੇ ਮੁਲਜ਼ਮਾਂ ਵਿਚੋਂ ਇਕ ਦੀ ਲੱਤ 'ਤੇ ਗੋਲੀ ਵੱਜੀ ਜਦਕਿ ਦੂਜਾ ਬਾਈਕ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਬਲਵੰਤ ਸਿੰਘ ਵਾਸੀ ਮੁਹੱਲਾ ਚੱਠੂਆਂ ਵਾਲਾ ਪੱਟੀ ਅਤੇ ਸੰਨਮੁੱਖ ਉਰਫ਼ ਸੰਨੀ ਪੁੱਤਰ ਸੁਖਦੇਵ ਸਿੰਘ ਵਾਸੀ ਆਸਲ ਥਾਣਾ ਸਦਰ ਪੱਟੀ ਵਜੋਂ ਹੋਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਇਕ ਕਾਲੇ ਰੰਗ ਦਾ ਮੋਟਰਸਾਈਕਲ ਬਜਾਜ ਪਲਸਰ, 2 ਬੱਤੀ ਬੋਰ ਦੇ ਨਾਜਾਇਜ਼ ਪਿਸਟਲ, ਦੋ ਫੋਨ, ਦੋ ਜ਼ਿੰਦਾ ਰੌਂਦ ਅਤੇ ਤਿੰਨ ਖੋਲ ਬਰਾਮਦ ਕੀਤੇ ਹਨ। ਤੀਸਰੇ ਕਥਿਤ ਦੋਸ਼ੀ ਦੀ ਭਾਲ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ