ਪ੍ਰੈੱਸ ਕਲੱਬ ਸੁਨਾਮ ਵਿਖੇ ਮਨਾਇਆ ਗਿਆ 39ਵਾਂ ਸੁਤੰਤਰਤਾ ਦਿਵਸ

ਸੁਨਾਮ ਊਧਮ ਸਿੰਘ ਵਾਲਾ, 15 ਅਗਸਤ ( ਰੁਪਿੰਦਰ ਸਿੰਘ ਸੱਗੂ) - ਪ੍ਰੈੱਸ ਕਲੱਬ ਸੁਨਾਮ ਵਲੋਂ ਬਠਿੰਡਾ ਰੋਡ ਸਥਿਤ ਆਪਣੇ ਦਫ਼ਤਰ ਵਿਖੇ 79ਵਾਂ ਸੁਤੰਤਰਤਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਰੁਪਿੰਦਰ ਸਿੰਘ ਸੱਗੂ ਦੀ ਅਗਵਾਈ ਵਿਚ ਆਯੋਜਿਤ ਕੀਤੇ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮਾਰਕਿਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਨੇ ਸ਼ਿਰਕਤ ਕਰਕੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ 'ਤੇ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਬਾਅਦ ਲੱਡੂਆਂ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਚੇਅਰਮੈਨ ਮੁਕੇਸ਼ ਜੁਨੇਜਾ ਨੇ ਸਾਰਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਨਾਲ ਜੁੜੇ ਹਰ ਤਿਉਹਾਰ ਮੌਕੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਸ਼ਹੀਦਾਂ ਨੂੰ ਯਾਦ ਕਿਤੇ ਬਿਨਾਂ ਹਰ ਰਾਸ਼ਟਰੀ ਤਿਉਹਾਰ ਅਧੂਰਾ ਹੈ।
ਇਸ ਮੌਕੇ ਜਨਰਲ ਸਕੱਤਰ ਰਤਨ ਦੇਵ ਵਰਮਾ ਨੇ ਕਿਹਾ ਕਿ ਸਾਡੇ ਦੇਸ਼ ਦੇ ਅਣਗਿਣਤ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਉਨ੍ਹਾਂ ਦੀਆਂ ਬੇਸ਼ੁਮਾਰ ਕੁਰਬਾਨੀਆਂ ਕਾਰਨ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਨੂੰ ਯਾਦ ਕੀਤੇ ਬਿਨਾਂ ਰਾਸ਼ਟਰੀ ਤਿਉਹਾਰ ਮਨਾਉਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਆਜ਼ਾਦੀ ਨੂੰ ਕਾਇਮ ਰੱਖਣਾ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਸਾਡਾ ਮੁੱਢਲਾ ਫਰਜ਼ ਬਣਦਾ ਹੈ।
ਇਸ ਮੌਕੇ ਚੇਅਰਮੈਨ ਹਰੀਸ਼ ਗੱਖੜ ਅਤੇ ਸਰਪ੍ਰਸਤ ਮਨੋਹਰ ਲਾਲ ਅਰੋੜਾ ਨੇ ਕਿਹਾ ਕਿ ਸ਼ਹੀਦਾਂ ਕਾਰਨ ਹੀ ਅੱਜ ਅਸੀਂ ਆਜ਼ਾਦ ਦੇਸ਼ ਦੀ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ। ਸ਼ਹੀਦਾਂ ਵਲੋਂ ਲੈ ਕੇ ਦਿੱਤੀ ਗਈ ਆਜ਼ਾਦੀ ਦਾ ਸੁੱਖ ਮਾਨਣ ਦੇ ਨਾਲ ਨਾਲ ਸਾਨੂੰ ਦੇਸ਼ ਪ੍ਰਤੀ ਆਪਣੇ ਫਰਜ਼ਾਂ ਨੂੰ ਵੀ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।