ਕਾਂਗਰਸ 11 ਅਗਸਤ ਨੂੰ ਆਯੋਜਿਤ ਕਰੇਗੀ ਪਾਰਟੀ ਦੇ ਜਨਰਲ ਸਕੱਤਰਾਂ, ਇੰਚਾਰਜਾਂ ਅਤੇ ਫਰੰਟਲ ਸੰਗਠਨ ਮੁਖੀਆਂ ਦੀ ਮੀਟਿੰਗ

ਨਵੀਂ ਦਿੱਲੀ, 10 ਅਗਸਤ - ਕਾਂਗਰਸ ਨੇਤਾ ਰਾਹੁਲ ਗਾਂਧੀ ਦੇ "ਵੋਟਰ ਧੋਖਾਧੜੀ" ਦੇ ਦੋਸ਼ਾਂ ਦੇ ਵਿਚਕਾਰ, ਕਾਂਗਰਸ 11 ਅਗਸਤ ਨੂੰ ਪਾਰਟੀ ਦੇ ਜਨਰਲ ਸਕੱਤਰਾਂ, ਇੰਚਾਰਜਾਂ ਅਤੇ ਫਰੰਟਲ ਸੰਗਠਨ ਮੁਖੀਆਂ ਦੀ ਇਕ ਮੀਟਿੰਗ ਆਯੋਜਿਤ ਕਰੇਗੀ ਤਾਂ ਜੋ "ਵੋਟਰ ਸੂਚੀ ਵਿਚ ਹੇਰਾਫੇਰੀ ਅਤੇ ਚੋਣ ਧੋਖਾਧੜੀ" ਵਿਰੁੱਧ ਦੇਸ਼ ਵਿਆਪੀ ਮੁਹਿੰਮ 'ਤੇ ਚਰਚਾ ਕੀਤੀ ਜਾ ਸਕੇ।
ਪਾਰਟੀ ਇੰਡੀਆ ਗੱਠਜੋੜ ਦੇ ਹੋਰ ਭਾਈਵਾਲਾਂ ਦੇ ਨਾਲ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ.ਆਈ.ਆਰ.) ਦਾ ਵੀ ਵਿਰੋਧ ਕਰ ਰਹੀ ਹੈ।ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸ਼ੁੱਕਰਵਾਰ ਨੂੰ ਐਕਸ 'ਤੇ ਇਕ ਪੋਸਟ ਵਿਚ ਕਿਹਾ, "ਜਿਵੇਂ ਬਾਪੂ ਨੇ ਸਾਨੂੰ ਭਾਰਤ ਛੱਡੋ ਅੰਦੋਲਨ ਦੌਰਾਨ "ਕਰੋ ਜਾਂ ਮਰੋ" ਦਾ ਸੱਦਾ ਦਿੱਤਾ ਸੀ, ਸਾਨੂੰ ਅੱਜ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਉਸੇ ਤਰ੍ਹਾਂ ਦੇ ਕਰੋ ਜਾਂ ਮਰੋ ਮਿਸ਼ਨ 'ਤੇ ਚੱਲਣਾ ਚਾਹੀਦਾ ਹੈ। ਵੋਟਰ ਸੂਚੀ ਵਿਚ ਹੇਰਾਫੇਰੀ ਅਤੇ ਚੋਣ ਧੋਖਾਧੜੀ ਵਿਰੁੱਧ ਪਾਰਟੀ ਦੀ ਹੋਰ ਦੇਸ਼ ਵਿਆਪੀ ਮੁਹਿੰਮ 'ਤੇ ਚਰਚਾ ਕਰਨ ਲਈ, ਏਆਈਸੀਸੀ ਜਨਰਲ ਸਕੱਤਰਾਂ, ਇੰਚਾਰਜਾਂ ਅਤੇ ਫਰੰਟਲ ਸੰਗਠਨ ਮੁਖੀਆਂ ਦੀ ਇਕ ਮੀਟਿੰਗ 11 ਅਗਸਤ ਨੂੰ ਸ਼ਾਮ 4:30 ਵਜੇ 24 ਅਕਬਰ ਰੋਡ 'ਤੇ ਹੋਵੇਗੀ, ਜਿਸ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਮਲਿਕਅਰਜੁਨ ੑਖੜਗੇ ਜੀ ਕਰਨਗੇ," ।
ਦੱਸ ਦਈਏ ਕਿ ਰਾਹੁਲ ਗਾਂਧੀ ਨੇ 7 ਅਗਸਤ ਨੂੰ ਇਕ ਪ੍ਰੈਸ ਕਾਨਫ਼ਰੰਸ ਕੀਤੀ ਅਤੇ ਅੰਦਰੂਨੀ ਵਿਸ਼ਲੇਸ਼ਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਾਂਗਰਸ ਨੂੰ ਕਰਨਾਟਕ ਵਿਚ 16 ਲੋਕ ਸਭਾ ਸੀਟਾਂ ਜਿੱਤਣ ਦੀ ਉਮੀਦ ਸੀ ਪਰ ਉਸਨੂੰ ਸਿਰਫ਼ 9 ਸੀਟਾਂ ਹੀ ਮਿਲੀਆਂ।