ਖੰਭੇ ਨਾਲ ਟਕਰਾਈ ਐਕਟਿਵਾ, ਤਿੰਨ ਦੋਸਤਾਂ ’ਚੋਂ 2 ਦੀ ਮੌਤ

ਜਲੰਧਰ, 5 ਅਗਸਤ- ਜਲੰਧਰ ਦੇ ਲਾਡੋਵਾਲੀ ਰੋਡ ਨੇੜੇ ਸਵੇਰੇ 5 ਵਜੇ ਦੇ ਕਰੀਬ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਘਟਨਾ ਵਿਚ 3 ਦੋਸਤਾਂ ਵਿਚੋਂ 2 ਦੀ ਮੌਤ ਹੋ ਗਈ, ਜਦੋਂ ਕਿ ਤੀਜਾ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, 3 ਦੋਸਤ ਜਨਮਦਿਨ ਦੀ ਪਾਰਟੀ ਤੋਂ ਬਾਅਦ ਇਕੋ ਐਕਟਿਵਾ ’ਤੇ ਘਰ ਵਾਪਸ ਆ ਰਹੇ ਸਨ, ਪਰ ਤੇਜ਼ ਰਫ਼ਤਾਰ ਕਾਰਨ ਉਨ੍ਹਾਂ ਦੀ ਸਕੂਟੀ ਇਕ ਖੰਭੇ ਨਾਲ ਟਕਰਾ ਗਈ।
ਹਾਦਸੇ ਦੌਰਾਨ ਗੜਾ ਦੇ ਵੰਸ਼ ਅਤੇ ਸੰਸਾਰਪੁਰ ਦੇ ਸੁਨੀਲ ਦੀ ਮੌਤ ਹੋ ਗਈ, ਜਦੋਂ ਕਿ ਚੇਤਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਗੜਾ ਦੇ ਵੰਸ਼, ਸੰਸਾਰਪੁਰ ਦੇ ਸੁਨੀਲ ਕੁਮਾਰ ਉਰਫ਼ ਸ਼ੀਲਾ ਅਤੇ ਗੜਾ ਦੇ ਚੇਤਨ ਨੇ ਰਾਤ ਨੂੰ ਸੁਨੀਲ ਦਾ ਜਨਮਦਿਨ ਮਨਾਇਆ ਸੀ। ਤਿੰਨੋਂ ਦੋਸਤ ਅਲੀਪੁਰ ਤੋਂ ਬੱਸ ਸਟੈਂਡ ਵੱਲ ਇਕੋ ਸਕੂਟੀ (ਐਕਟੀਵਾ) ’ਤੇ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਬੱਸ ਸਟੈਂਡ ਪਾਰ ਕਰਕੇ ਲਾਡੋਵਾਲੀ ਰੋਡ ਵੱਲ ਵਧੇ, ਤੇਜ਼ ਰਫ਼ਤਾਰ ਐਕਟਿਵਾ ਸੜਕ ਦੇ ਕਿਨਾਰੇ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਸੜਕ ’ਤੇ ਡਿੱਗ ਪਏ। ਰਾਹਗੀਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਤੱਕ ਐਂਬੂਲੈਂਸ ਪਹੁੰਚੀ, ਵੰਸ਼ ਅਤੇ ਸੁਨੀਲ ਪਹਿਲਾਂ ਹੀ ਆਖਰੀ ਸਾਹ ਲੈ ਚੁੱਕੇ ਸਨ। ਚੇਤਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਪਹਿਲਾਂ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਉਸਦੇ ਰਿਸ਼ਤੇਦਾਰ ਉਸ ਨੂੰ ਇਕ ਨਿੱਜੀ ਹਸਪਤਾਲ ਲੈ ਗਏ। ਪੋਸਟਮਾਰਟਮ ਤੋਂ ਬਾਅਦ ਦੋਵਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੱਸ ਸਟੈਂਡ ਚੌਕੀ ਇੰਚਾਰਜ ਮਹਿੰਦਰ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।