ਲੈਂਡ ਪੂਲਿੰਗ ਪਾਲਿਸੀ ਖਿਲਾਫ਼ ‘ਆਪ’ ਦੇ ਜੀਰਾ ਤੋਂ ਬਲਾਕ ਪ੍ਰਧਾਨ ਗੁਰਮਨਦੀਪ ਸਿੰਘ ਖਹਿਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਖੋਸਾ ਦਲ ਸਿੰਘ (ਫ਼ਿਰੋਜ਼ਪੁਰ), 4 ਅਗਸਤ (ਮਨਪ੍ਰੀਤ ਸਿੰਘ ਸੰਧੂ)- ਪੰਜਾਬ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਨਾਲ ਸਹਿਮਤ ਨਾ ਹੁੰਦਿਆਂ ਲਗਾਤਾਰ ‘ਆਪ’ ਅਹੁਦੇਦਾਰਾਂ ਵਲੋਂ ਅਸਤੀਫ਼ਾ ਦੇਣ ਦਾ ਸਿਲਸਿਲਾ ਜਾਰੀ ਹੈ, ਜਿਸ ਦੇ ਚੱਲਦਿਆਂ ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਅਤਿ ਨੇੜਲੇ ਸਾਥੀ ਬਲਾਕ ਪ੍ਰਧਾਨ ਗੁਰਮਨਦੀਪ ਸਿੰਘ ਖਹਿਰਾ ਵਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨੀ ਸਾਡੇ ਲਈ ਸਿਰਫ਼ ਇਕ ਕਿੱਤਾ ਨਹੀਂ, ਬਲਕਿ ਜ਼ਿੰਦਗੀ ਜਿਊਣ ਦੀ ਜਾਚ ਹੈ । ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮਸਲੇ ’ਤੇ ਮੁੜ ਵਿਚਾਰ ਕਰਕੇ ਪੰਜਾਬੀਆਂ ਵਲੋਂ ਪਾਰਟੀ ਪ੍ਰਤੀ ਕੀਤੇ ਅਥਾਹ ਵਿਸ਼ਵਾਸ ਨੂੰ ਟੁੱਟਣ ਨਾ ਦਿੱਤਾ ਜਾਵੇ।