ਰਾਹੁਲ ਗਾਂਧੀ ਨੂੰ ਸੁਪਰੀਮ ਕੋਰਟ ਦੀ ਫਟਕਾਰ

ਨਵੀਂ ਦਿੱਲੀ, 4 ਅਗਸਤ- ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਫੌਜ ’ਤੇ ਟਿੱਪਣੀ ਕਰਨ ’ਤੇ ਫਟਕਾਰ ਲਗਾਈ। ਅਦਾਲਤ ਨੇ ਕਿਹਾ ਕਿ ਜੇਕਰ ਤੁਸੀਂ ਸੱਚੇ ਭਾਰਤੀ ਹੋ, ਤਾਂ ਤੁਸੀਂ ਅਜਿਹੀਆਂ ਗੱਲਾਂ ਨਹੀਂ ਕਹੋਗੇ। ਅਦਾਲਤ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿ ਚੀਨ ਨੇ 2000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ? ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਅਜਿਹੇ ਬਿਆਨ ਦੇਣ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਤੁਸੀਂ ਵਿਰੋਧੀ ਧਿਰ ਦੇ ਨੇਤਾ ਹੋ, ਆਪਣੀ ਗੱਲ ਸੰਸਦ ਵਿਚ ਦੱਸੋ, ਸੋਸ਼ਲ ਮੀਡੀਆ ’ਤੇ ਨਹੀਂ।
ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਫੌਜ ’ਤੇ ਟਿੱਪਣੀ ਕਰਨ ਦੇ ਇਸ ਮਾਮਲੇ ਵਿਚ ਸੰਮਨ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਇਸ ’ਤੇ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਭਾਰਤ ਜੋੜੋ ਯਾਤਰਾ ਦੌਰਾਨ ਭਾਰਤੀ ਫੌਜ ਬਾਰੇ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਰਾਹੁਲ ਗਾਂਧੀ ਵਿਰੁੱਧ ਜ਼ਿਲ੍ਹਾ ਅਦਾਲਤ ਵਿਚ ਚੱਲ ਰਹੀ ਕਾਰਵਾਈ ’ਤੇ ਵੀ ਰੋਕ ਲਗਾ ਦਿੱਤੀ।
ਰਾਹੁਲ ਗਾਂਧੀ ਨੇ 2022 ਵਿਚ ਲੱਦਾਖ ਦੀ ਆਪਣੀ ਫੇਰੀ ਦੌਰਾਨ ਕਾਰਗਿਲ ਵਿਚ ਇਕ ਰੈਲੀ ਕੀਤੀ ਸੀ। ਉੱਥੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਚੀਨ ਨੇ ਹਜ਼ਾਰਾਂ ਕਿਲੋਮੀਟਰ ਭਾਰਤੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਇਸ 'ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ (ਐਲਜੀ) ਬ੍ਰਿਗੇਡੀਅਰ (ਸੇਵਾਮੁਕਤ) ਬੀ.ਡੀ. ਮਿਸ਼ਰਾ ਨੇ ਕਿਹਾ ਸੀ ਕਿ ਚੀਨ ਭਾਰਤ ਦੀ ਜ਼ਮੀਨ ਦੇ ਇਕ ਵਰਗ ਇੰਚ 'ਤੇ ਵੀ ਕਬਜ਼ਾ ਨਹੀਂ ਕਰ ਸਕਿਆ ਹੈ।
ਉਨ੍ਹਾਂ ਕਿਹਾ ਸੀ ਕਿ 1962 (ਭਾਰਤ-ਚੀਨ ਯੁੱਧ) ਵਿਚ ਜੋ ਕੁਝ ਹੋਇਆ, ਉਸ ਬਾਰੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਅੱਜ ਸਰਹੱਦ ਦਾ ਆਖਰੀ ਇੰਚ ਵੀ ਸਾਡੇ ਕਬਜ਼ੇ ਵਿਚ ਹੈ। ਰੱਬ ਨਾ ਕਰੇ, ਜੇਕਰ ਸਥਿਤੀ ਵਿਗੜਦੀ ਹੈ, ਤਾਂ ਫੌਜ ਢੁਕਵਾਂ ਜਵਾਬ ਦੇਣ ਲਈ ਤਿਆਰ ਹੈ।