ਫ਼ਾਜ਼ਿਲਕਾ ਵਿਚ ਪਏ ਮੀਂਹ ਨੇ ਮਚਾਈ ਤਬਾਹੀ

ਫ਼ਾਜ਼ਿਲਕਾ, 2 ਅਗਸਤ (ਦਵਿੰਦਰ ਪਾਲ ਸਿੰਘ, ਬਲਜੀਤ ਸਿੰਘ)- ਬੀਤੇ ਦਿਨੀਂ ਫ਼ਾਜ਼ਿਲਕਾ ਦੇ ਵਿਚ ਆਈ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰ ਨੂੰ ਜਲਥਲ ਕਰ ਦਿੱਤਾ ਹੈ, ਉੱਥੇ ਹੀ ਆਸ ਪਾਸ ਦੇ ਪਿੰਡਾਂ ਵਿਚ ਵੀ ਮੀਂਹ ਦੇ ਪਾਣੀ ਕਾਰਨ ਝੋਨੇ ਦੀ ਫਸਲ ਦੇ ਡੁੱਬਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਦਿੰਦੇ ਹੋਏ ਕਿਸਾਨ ਰਾਮ ਕੁਮਾਰ ਰਿਨਵਾ, ਪਵਨ ਰਿਨਵਾ, ਮਾਹੀ ਰਾਮ, ਜਅੰਤ ਝੋਰੜ, ਵਰਿੰਦਰ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਦੇ ਪਿੰਡ ਲੱਖੇਵਾਲੀ ਢਾਬ, ਕਬੂਲ ਸ਼ਾਹ, ਖਿਉ ਵਾਲੀ ਢਾਬ ਆਦੀ ਪਿੰਡਾਂ ਵਿਚ ਭਾਰੀ ਮੀਂਹ ਦੇ ਕਾਰਨ ਸੇਮ ਨਾਲੇ ਦੇ ਓਵਰਫਲੋ ਹੋਣ ਨਾਲ ਸੇਮ ਨਾਲੇ ਵਿਚ ਪਾੜ ਪੈ ਗਿਆ, ਜਿਸ ਨਾਲ ਸੈਂਕੜੇ ਏਕੜ ਝੋਨੇ ਦੀ ਫਸਲ ਦੇ ਵਿਚ ਪਾਣੀ ਭਰ ਗਿਆ।
ਕਿਸਾਨਾਂ ਵਲੋਂ ਇਹ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਵਲੋਂ ਸਮਾਂ ਰਹਿੰਦਿਆਂ ਸੇਮ ਨਾਲੇ ਦੀ ਸਹੀ ਤਰੀਕੇ ਨਾਲ ਸਫ਼ਾਈ ਨਹੀਂ ਕਰਵਾਈ ਗਈ, ਜਿਸ ਨਾਲ ਅੱਜ ਇਹ ਹਾਲਾਤ ਪੈਦਾ ਹੋ ਗਏ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪ੍ਰਸ਼ਾਸਨ ਵਲੋਂ ਜਲਦੀ ਹੀ ਖੇਤਾਂ ਦੇ ਵਿਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਜ਼ਿਆਦਾ ਸਮਾਂ ਖੇਤਾਂ ਵਿਚ ਪਾਣੀ ਖੜਾ ਰਹਿੰਦਾ ਹੈ ਤਾਂ ਉਸ ਨਾਲ ਸੈਂਕੜੇ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਜਾਵੇਗੀ।