ਕਾਂਗਰਸੀ ਹਮਾਇਤੀ ਪੰਚ ਬਾਬੂ ਨਾਇਕ ਨੇ ਸੱਤਾਧਾਰੀ ਪੱਖੀ ਕੈਪਟਨ ਸੁਖਵਿੰਦਰ ਸਿੰਘ ਨੂੰ 27 ਵੋਟਾਂ ਨਾਲ ਕੀਤਾ ਚਿੱਤ

ਗੁਰੂਸਰ ਸੁਧਾਰ , 27 ਜੁਲਾਈ ( ਜਗਪਾਲ ਸਿੰਘ ਸਿਵੀਆਂ) - ਪੰਜਾਬ ਸਰਕਾਰ ਵਲੋਂ ਪੰਚਾਂ ਤੇ ਸਰਪੰਚਾਂ ਦੀਆਂ ਉਪ ਚੋਣਾਂ ਦੀ ਲੜੀ ਤਹਿਤ ਅੱਜ ਪਿੰਡ ਨਵੀਂ ਆਬਾਦੀ ਅਕਾਲਗੜ੍ਹ ਦੀ ਵਾਰਡ ਨੰਬਰ 3 ਤੋਂ ਪੰਚ ਉਪ ਚੋਣ 'ਚ ਬਾਬੂ ਨਾਇਕ ਨੇ ਕੁੱਲ ਪੋਲ ਹੋਈਆਂ 188 ਵੋਟਾਂ 'ਚੋਂ 107 ਵੋਟਾਂ ਪ੍ਰਾਪਤ ਕਰਦਿਆਂ ਆਪਣੇ ਵਿਰੋਧੀ ਕੈਪਟਨ ਸੁਖਵਿੰਦਰ ਸਿੰਘ ਦੀਆਂ 80 ਵੋਟਾਂ ਨੂੰ 27 ਵੋਟਾਂ ਦੇ ਫ਼ਰਕ ਨਾਲ ਹਰਾਇਆ।
ਜ਼ਿਕਰਯੋਗ ਹੈ ਕਿ ਨਵੀਂ ਆਬਾਦੀ ਅਕਾਲਗੜ੍ਹ ਦੀ ਇਸ ਪੰਚ ਉਪ ਚੋਣ 'ਚ ਜਿੱਥੇ ਇਕ ਪਾਸੇ ਸੱਤਾਧਾਰੀ ਆਪ ਦੀ ਹਮਾਇਤ ਪ੍ਰਾਪਤ ਕੈਪਟਨ ਸੁਖਵਿੰਦਰ ਸਿੰਘ ਨੂੰ ਸੱਤਾਧਾਰੀ ਵਿਧਾਇਕ ਦੇ ਚਹੇਤੇ ਆਪ ਬਲਾਕ ਸੁਧਾਰ ਪ੍ਰਧਾਨ ਰਮੇਸ਼ ਜੈਨ , ਨਵੀਂ ਆਬਾਦੀ ਅਕਾਲਗੜ੍ਹ ਦੇ ਮੌਜੂਦਾ ਅਤੇ ਸਾਬਕਾ ਸਰਪੰਚ ਧੜਾ ਦੀ ਹਮਾਇਤ ਹਾਸਲ ਸੀ , ਉੱਥੇ ਹੀ ਦੂਜੇ ਪਾਸੇ ਪੰਚ ਉਮੀਦਵਾਰ ਬਾਬੂ ਨਾਇਕ ਨੂੰ ਕਾਂਗਰਸ ਸੁਧਾਰ ਬਲਾਕ ਪ੍ਰਧਾਨ ਜਗਦੀਪ ਸਿੰਘ ਬਿੱਟੂ ਰੱਤੋਵਾਲ ਦੀ ਹਮਾਇਤ ਹਾਸਲ ਸੀ , ਜਿਨ੍ਹਾਂ ਵਲੋਂ ਅੱਜ ਪੋਲਿੰਗ ਬੂਥ 'ਤੇ ਪਹੁੰਚ ਕੇ ਮੋਰਚਾ ਸਾਂਭਿਆ ਅਤੇ ਆਪਣੇ ਉਮੀਦਵਾਰ ਬਾਬੂ ਨਾਇਕ ਨੂੰ ਇਸ ਉਪ ਚੋਣ ਵਿਚ ਵੱਡੀ ਜਿੱਤ ਦਿਵਾਈ ਗਈ।
ਪੰਚ ਬਾਬੂ ਨਾਇਕ ਤੋਂ ਬਾਅਦ ਬਲਾਕ ਪ੍ਰਧਾਨ ਜਗਦੀਪ ਸਿੰਘ ਬਿੱਟੂ ਅਤੇ ਸਮਰੱਥਕਾਂ ਵਲੋਂ ਸੁਧਾਰ ਬਾਜ਼ਾਰ 'ਚ ਜੇਤੂ ਗੇੜਾ ਲਾਉਂਦਿਆਂ ਨਾਅਰੇ ਲਾਏ ਗਏ। ਇਸ ਮੌਕੇ ਜੇਤੂ ਪੰਚ ਬਾਬੂ ਨਾਇਕ ਨੇ ਆਪਣੀ ਜਿੱਤ ਲਈ ਵਾਰਡ ਨੰਬਰ 3, ਪ੍ਰਧਾਨ ਜਗਦੀਪ ਸਿੰਘ ਬਿੱਟੂ ਰੱਤੋਵਾਲ ਅਤੇ ਸਮੂਹ ਸਮਰਥਕਾਂ ਦਾ ਧੰਨਵਾਦ ਕੀਤਾ।