ਪ੍ਰਧਾਨ ਮੰਤਰੀ ਮੋਦੀ ਇੰਦਰਾ ਗਾਂਧੀ ਨੂੰ ਪਿੱਛੇ ਛੱਡ ਲੰਬੇ ਸਮੇਂ ਤੱਕ ਲਗਾਤਾਰ ਪ੍ਰਧਾਨ ਮੰਤਰੀ ਬਣੇ ਰਹਿਣ ਵਾਲੇ ਬਣੇ ਦੂਜੇ ਨੇਤਾ

ਨਵੀਂ ਦਿੱਲੀ, 25 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 25 ਜੁਲਾਈ ਨੂੰ ਲਗਾਤਾਰ ਸਭ ਤੋਂ ਲੰਬੇ ਸਮੇਂ ਤੱਕ ਇਸ ਅਹੁਦੇ ’ਤੇ ਰਹਿਣ ਵਾਲੇ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਹੁਣ ਤੱਕ, ਜਵਾਹਰ ਲਾਲ ਨਹਿਰੂ ਦੇ ਕੋਲ ਸਭ ਤੋਂ ਲੰਬੇ ਸਮੇਂ ਤੱਕ (16 ਸਾਲ 286 ਦਿਨ) ਲਗਾਤਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਰਿਕਾਰਡ ਹੈ। ਨਰਿੰਦਰ ਮੋਦੀ 1947 ਵਿਚ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਕਿਸੇ ਗੈਰ-ਹਿੰਦੀ ਰਾਜ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜੋ ਸਭ ਤੋਂ ਲੰਬੇ ਸਮੇਂ ਤੱਕ ਇਸ ਅਹੁਦੇ ’ਤੇ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਆਪਣੇ ਕਾਰਜਕਾਲ ਦੇ 4078 ਦਿਨ ਪੂਰੇ ਕਰ ਲਏ ਹਨ। ਇੰਦਰਾ ਗਾਂਧੀ 24 ਜਨਵਰੀ 1966 ਤੋਂ 24 ਮਾਰਚ 1977 ਤੱਕ ਲਗਾਤਾਰ 4077 ਦਿਨ ਪ੍ਰਧਾਨ ਮੰਤਰੀ ਰਹੇ ਸਨ।
ਜੇਕਰ ਅਸੀਂ ਰਾਜ ਅਤੇ ਕੇਂਦਰ ਵਿਚ ਸਰਕਾਰ ਦੀ ਅਗਵਾਈ ਕਰਨ ਦੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਦਾ ਸਾਰੇ ਪ੍ਰਧਾਨ ਮੰਤਰੀਆਂ ਵਿਚ ਰਿਕਾਰਡ ਹੈ। ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ 24 ਸਾਲ ਸਰਕਾਰ ਦੀ ਅਗਵਾਈ ਕੀਤੀ ਹੈ। ਉਹ ਸਭ ਤੋਂ ਲੰਬੇ ਸਮੇਂ ਤੱਕ ਇਸ ਅਹੁਦੇ ’ਤੇ ਰਹਿਣ ਵਾਲੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਵੀ ਹਨ। ਉਹ ਪਹਿਲੇ ਅਤੇ ਇਕਲੌਤੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਘੱਟੋ-ਘੱਟ ਦੋ ਪੂਰੇ ਕਾਰਜਕਾਲ ਪੂਰੇ ਕੀਤੇ ਹਨ। ਉਨ੍ਹਾਂ ਕੋਲ ਲਗਾਤਾਰ ਦੋ ਵਾਰ ਚੁਣੇ ਜਾਣ ਵਾਲੇ ਪਹਿਲੇ ਅਤੇ ਇਕਲੌਤੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਹੋਣ ਦਾ ਰਿਕਾਰਡ ਵੀ ਹੈ।
ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚੋਣਾਂ ਵਿਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਵਾਲੇ ਪਹਿਲੇ ਅਤੇ ਇਕਲੌਤੇ ਗੈਰ-ਕਾਂਗਰਸੀ ਨੇਤਾ ਵੀ ਹਨ। ਉਹ ਇੰਦਰਾ ਗਾਂਧੀ (1971) ਤੋਂ ਬਾਅਦ ਪੂਰਨ ਬਹੁਮਤ ਨਾਲ ਦੁਬਾਰਾ ਚੁਣੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਪੰਡਿਤ ਨਹਿਰੂ ਤੋਂ ਇਲਾਵਾ, ਉਹ ਇਕਲੌਤੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਕਿਸੇ ਪਾਰਟੀ ਦੇ ਨੇਤਾ ਵਜੋਂ ਲਗਾਤਾਰ ਤਿੰਨ ਆਮ ਚੋਣਾਂ ਜਿੱਤੀਆਂ ਹਨ। ਉਹ ਸਾਰੇ ਪ੍ਰਧਾਨ ਮੰਤਰੀਆਂ ਅਤੇ ਮੁੱਖ ਮੰਤਰੀਆਂ ਵਿਚੋਂ ਇਕਲੌਤੇ ਨੇਤਾ ਹਨ, ਜਿਨ੍ਹਾਂ ਨੇ ਕਿਸੇ ਪਾਰਟੀ ਦੇ ਨੇਤਾ ਵਜੋਂ ਲਗਾਤਾਰ ਛੇ ਚੋਣਾਂ ਜਿੱਤੀਆਂ ਹਨ। ਉਨ੍ਹਾਂ ਨੇ 2002, 2007 ਅਤੇ 2012 ਵਿਚ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਬਾਅਦ 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ।