ਨਵਾਂ ਪਿੰਡ ਦੇ ਸਰਪੰਚ ਨੂੰ ਡਿਸਮਿਸ ਕੀਤੇ ਜਾਣ ਵਿਰੁੱਧ ਕਾਂਗਰਸ ਵਲੋਂ ਐਸ.ਡੀ.ਐਮ. ਦਫਤਰ ਮੂਹਰੇ ਪ੍ਰਦਰਸ਼ਨ

ਮਲੋਟ, 25 ਜੁਲਾਈ (ਪਾਟਿਲ)-ਨਵਾਂ ਪਿੰਡ ਮਲੋਟ ਦੇ 10 ਮਹੀਨੇ ਪਹਿਲਾਂ 155 ਵੋਟਾਂ 'ਤੇ ਜਿੱਤੇ ਸਰਪੰਚ ਨੂੰ ਸਰਕਾਰ ਵਲੋਂ ਡਿਸਮਿਸ ਕਰਵਾ ਕੇ ਹਾਰੇ ਸਰਪੰਚ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ ਹੈ। ਐਸ. ਡੀ. ਐਮ. ਵਲੋਂ 15 ਦਿਨ ਲੰਘ ਜਾਣ ਉਤੇ ਵੀ ਡਿਸਮਿਸ ਕੀਤੇ ਸਰਪੰਚ ਨੂੰ ਫੈਸਲੇ ਦੀ ਕਾਪੀ ਨਹੀਂ ਦਿੱਤੀ ਗਈ, ਜਿਸ ਕਰਕੇ ਕਾਂਗਰਸੀ ਵਰਕਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।
ਅੱਜ ਐਸ. ਡੀ. ਐਮ. ਦਫ਼ਤਰ ਵਿਖੇ ਫੈਸਲੇ ਦੀ ਕਾਪੀ ਲੈਣ ਗਏ ਸਰਪੰਚ ਤੇ ਸਾਥੀਆਂ ਨੂੰ ਟਾਲ ਦਿੱਤਾ ਗਿਆ, ਜਿਸ ਤੋਂ ਬਾਅਦ ਵਰਕਰਾਂ ਨੇ ਐਸ. ਡੀ. ਐਮ. ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਇਸ ਮੌਕੇ ਨਾਅਰੇਬਾਜ਼ੀ ਵੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਿੱਤੇ ਹੋਏ ਸਰਪੰਚਾਂ ਨੂੰ ਡਿਸਮਿਸ ਕਰਕ ਹਾਰੇ ਸਰਪੰਚਾਂ ਨੂੰ ਜਿੱਤ ਦੇ ਸਰਟੀਫਿਕੇਟ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 10 ਜੁਲਾਈ ਨੂੰ ਇਕ ਫੈਸਲੇ ਦੇ ਆਧਾਰ ਉਤੇ ਡਿਸਮਿਸ ਕਰਕੇ ਚੋਣਾਂ ਵਿਚ ਹਾਰ ਕੇ ਦੂਜੇ ਨੰਬਰ ਉਤੇ ਆਏ ਵਿਅਕਤੀ ਨੂੰ ਤਾਂ ਸਰਪੰਚੀ ਦਾ ਸਾਰਟੀਫਿਕੇਟ ਜਾਰੀ ਕਰ ਦਿੱਤਾ ਹੈ ਪਰ ਡਿਸਮਿੱਸ ਕੀਤੀ ਧਿਰ ਨੂੰ ਫੈਸਲੇ ਦੀ ਕਾਪੀ ਨਹੀਂ ਦਿੱਤੀ ਜਾ ਰਹੀ, ਜਿਸ ਕਰਕੇ ਕਾਂਗਰਸ ਪਾਰਟੀ ਵਿਚ ਰੋਸ ਹੈ।
ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਵਲੋਂ ਕਈ ਵਾਰ ਐਸ. ਡੀ. ਐਮ. ਮਲੋਟ ਨੂੰ ਫੋਨ ਕਰਕੇ ਕਿਹਾ ਜਾ ਰਿਹਾ ਹੈ ਪਰ ਕਾਪੀ ਨਹੀਂ ਦਿੱਤੀ। ਐਸ. ਡੀ. ਐਮ. ਦਾ ਕਹਿਣਾ ਸੀ ਕਿ ਉਹ ਸ਼ੁੱਕਰਵਾਰ ਤੱਕ ਕਾਪੀ ਦੇ ਦੇਣਗੇ ਪਰ ਅੱਜ ਜਦੋਂ ਸਰਪੰਚ ਉਂਕਾਰ ਸਿੰਘ ਅਤੇ ਸਾਥੀ ਪੁੱਜੇ ਤਾਂ ਐਸ. ਡੀ. ਐਮ. ਦਫ਼ਤਰ ਨਹੀਂ ਆਏ, ਜਿਸ ਕਰਕੇ ਕਾਂਗਰਸ ਵਰਕਰਾਂ ਨੇ ਧਰਨਾ ਲਗਾ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਹਲਕਾ ਇੰਚਾਰਜ ਰੁਪਿੰਦਰ ਕੌਰ ਰੂਬੀ, ਸੀਨੀਅਰ ਆਗੂ ਨੱਥੂ ਰਾਮ ਗਾਂਧੀ, ਦਲਜੀਤ ਸਿੰਘ ਢਿੱਲੋਂ ਬਲਾਕ ਪ੍ਰਧਾਨ ਕਾਂਗਰਸ ਮੌਜੂਦ ਸਨ।