ਪੰਜਾਬੀ ਹੁਨਰ ਤੇ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਕੇ ਮਾਣ ਮਹਿਸੂਸ ਹੁੰਦਾ ਹੈ

ਨੀਰੂ ਬਾਜਵਾ 'ਸਨ ਆਫ ਸਰਦਾਰ 2' ਦੀ ਕਾਸਟ 'ਚ ਸ਼ਾਮਿਲ
ਜਲੰਧਰ, 24 ਜੁਲਾਈ (ਅ.ਬ.)- ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਕ ਵਾਰ ਫਿਰ ਆਪਣੇ ਸੱਭਿਆਚਾਰ ਅਤੇ ਮੂਲਾਂ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਦਿਆਂ 'ਸਨ ਆਫ ਸਰਦਾਰ 2' ਦੀ ਕਾਸਟ ਵਿਚ ਸ਼ਾਮਲ ਹੋਈ ਹੈ ਅਤੇ ਇਸ ਪ੍ਰਾਜੈਕਟ ਦਾ ਹਿੱਸਾ ਬਣਨ 'ਤੇ ਆਪਣਾ ਉਤਸ਼ਾਹ ਜਤਾਇਆ ਹੈ | ਉਨ੍ਹਾਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈਂ 'ਸਨ ਆਫ ਸਰਦਾਰ 2' ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ | ਇਹ ਫਿਲਮ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਤੇ ਜਗਦੀਪ ਸਿੰਘ ਸਿੱਧੂ ਨੇ ਇਸ ਨੂੰ ਲਿਖਿਆ ਹੈ | ਦੋਵੇਂ ਹੀ ਹੁਨਰਮੰਦ ਫਿਲਮ ਨਿਰਦੇਸ਼ਕ ਹਨ ਜਿਨ੍ਹਾਂ ਨਾਲ ਮੈਂ ਕਈ ਪੰਜਾਬੀ ਬਲਾਕਬੱਸਟਰ ਫਿਲਮਾਂ 'ਚ ਕੰਮ ਕਰ ਚੁੱਕੀ ਹਾਂ | ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਦੋਵੇਂ ਵੀ ਫਿਲਮ ਵਿਚ ਛੋਟੀ ਭੂਮਿਕਾ ਵਿਚ ਨਜ਼ਰ ਆ ਰਹੇ ਹਨ, ਤਾਂ ਮੈਂ ਬਿਨਾਂ ਕਿਸੇ ਝਿਜਕ ਦੇ ਆਪਣੇ ਪੰਜਾਬੀ ਭਰਾਵਾਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਭੂਮਿਕਾ ਕਰਨ ਦੀ ਹਾਂ ਭਰ ਲਈ | ਉਨ੍ਹਾਂ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਪੰਜਾਬੀ ਸਿਨੇਮਾ ਦੀ ਹਿੱਸੇਦਾਰ ਰਹੀ ਹਾਂ ਅਤੇ ਪੰਜਾਬੀ ਕਲਾ, ਸੰਸਕਿ੍ਤੀ ਅਤੇ ਭਾਸ਼ਾ ਦੀ ਪ੍ਰਤੀ ਵਫ਼ਾਦਾਰੀ ਮੇਰੇ ਹਰੇਕ ਕੰਮ ਵਿਚ ਨਜ਼ਰ ਆਉਂਦੀ ਹੈ | ਇਹ ਦੇਖਣਾ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਹੁਨਰ ਹੁਣ ਦੇਸ਼ ਭਰ ਦੇ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ | ਇਸ ਫਿਲਮ ਦੇ ਹਿੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ | ਨੀਰੂ ਬਾਜਵਾ ਦੀ ਭੂਮਿਕਾ ਇਸ ਫਿਲਮ ਵਿਚ ਹੋਰ ਰੰਗ ਭਰੇਗੀ |