ਕਪੂਰਥਲਾ-ਫੱਤੂਢੀਂਗਾ ਸੜਕ 'ਤੇ ਕਾਰ ਸਵਾਰਾਂ ਨੇ ਪੁਲਿਸ ਟੀਮ 'ਤੇ ਚਲਾਈਆਂ ਗੋਲੀਆਂ, ਦੋ ਕਾਬੂ
ਕਪੂਰਥਲਾ , 24 ਜੁਲਾਈ (ਅਮਰਜੀਤ ਸਿੰਘ ਸਡਾਨਾ)-ਅੱਜ ਬਾਅਦ ਦੁਪਹਿਰ ਦੇ ਸਮੇਂ ਕਪੂਰਥਲਾ ਗੋਇੰਦਵਾਲ ਸਾਹਿਬ ਸੜਕ 'ਤੇ ਮਾੜੇ ਅਨਸਰਾਂ ਦੀ ਪਿੱਛਾ ਕਰ ਰਹੀ ਸੀ.ਆਈ.ਏ. ਸਟਾਫ਼ ਦੀ ਟੀਮ 'ਤੇ ਕਾਰ ਸਵਾਰ ਵਿਅਕਤੀਆਂ ਵਲੋਂ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਰ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਕਰਨ ਲਈ ਤਿਆਰ ਨਹੀਂ | ਭਰੋਸੇਯੋਗ ਸੂਤਰਾਂ ਅਨੁਸਾਰ ਸੀ.ਆਈ.ਏ. ਸਟਾਫ਼ ਦੀ ਟੀਮ ਨੂੰ ਸੂਚਨਾ ਮਿਲੀ ਕਿ ਕੁਝ ਮਾੜੇ ਅਨਸਰ ਇਕ ਕਾਰ 'ਤੇ ਸਵਾਰ ਹੋ ਕੇ ਕਪੂਰਥਲਾ-ਗੋਇੰਦਵਾਲ ਸਾਹਿਬ ਸੜਕ 'ਤੇ ਜਾ ਰਹੇ ਹਨ | ਜਿਨ੍ਹਾਂ ਪਾਸ ਹਥਿਆਰ ਜਾਂ ਨਸ਼ੀਲੇ ਪਦਾਰਥ ਹੋ ਸਕਦੇ ਹਨ, ਜਿਸ 'ਤੇ ਪੁਲਿਸ ਟੀਮਾਂ ਨੇ ਉਕਤ ਕਾਰ ਸਵਾਰ ਵਿਅਕਤੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਥਾਣਾ ਫੱਤੂਢੀਂਗਾ ਨੇੜੇ ਨਾਕਾਬੰਦੀ ਕਰਵਾ ਦਿੱਤੀ | ਪਿੱਛਾ ਕਰਦੀ ਪੁਲਿਸ ਨੂੰ ਦੇਖ ਕੇ ਕਾਰ ਸਵਾਰ ਅਨਸਰਾਂ ਵਲੋਂ ਪੁਲਿਸ ਟੀਮ 'ਤੇ ਕਥਿਤ ਤੌਰ 'ਤੇ ਗੋਲੀਆਂ ਚਲਾਈਆਂ ਗਈਆਂ | ਪਰ ਪਤਾ ਲੱਗਾ ਹੈ ਕਿ ਪੁਲਿਸ ਟੀਮਾਂ ਨੇ ਕਾਰ ਵਿਚ ਸਵਾਰ ਦੱਸੇ ਜਾ ਰਹੇ 3 ਵਿਅਕਤੀਆਂ ਵਿਚੋਂ 2 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ | ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਦਾ ਸੁਲਤਾਨਪੁਰ ਲੋਧੀ ਦੇ ਸਰਕਾਰੀ ਹਸਪਤਾਲ ਤੋਂ ਰਾਤ ਦੇ ਸਮੇਂ ਮੈਡੀਕਲ ਵੀ ਕਰਵਾਇਆ ਗਿਆ ਹੈ | ਪੁਲਿਸ ਟੀਮ ਇਸ ਮਾਮਲੇ ਦੀ ਗੰਭੀਰਤਾ ਨਾਲ ਅਗਲੇਰੀ ਪੜਤਾਲ ਕਰ ਰਹੀ ਹੈ | ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਇਸ ਸੰਬੰਧੀ ਕੁਝ ਵੀ ਦੱਸਣ ਤੋਂ ਟਾਲਾ ਹੀ ਵੱਟਿਆ |