JALANDHAR WEATHER

ਮੱਲੇਯਾਣਾ ਪਿੰਡ 'ਚ ਟੁੱਟੀ ਸੜਕ 'ਤੇ ਲੇਟ ਕੇ ਬੱਚਿਆਂ ਦੀ ਜਾਨ ਬਚਾਉਣ ਵਾਲੇ 2 ਨੌਜਵਾਨ ਸਨਮਾਨਿਤ

ਮੋਗਾ, 24 ਜੁਲਾਈ-ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਇਲਾਕੇ ਹੇਠ ਆਉਂਦੇ ਪਿੰਡ ਮੱਲੇਯਾਣਾ ‘ਚ ਇਕ ਮਿਸਾਲੀ ਘਟਨਾ ਸਾਹਮਣੇ ਆਈ। ਮੰਗਲਵਾਰ ਸਵੇਰੇ ਹੋਈ ਤੇਜ਼ ਬਾਰਿਸ਼ ਕਰਕੇ ਖੇਤਾਂ ‘ਚ ਪਾਣੀ ਭਰ ਗਿਆ ਅਤੇ ਮੱਲੇਯਾਣਾ ਤੋਂ ਰਸੂਲਪੁਰ ਜਾਣ ਵਾਲੀ ਮੁੱਖ ਸੜਕ ਟੁੱਟ ਗਈ। ਇਸੇ ਸਮੇਂ ਪਿੰਡ ਦੇ ਲਗਭਗ 30 ਤੋਂ 35 ਬੱਚੇ ਨੇੜਲੇ ਪਿੰਡ ਰਸੂਲਪੁਰ ਦੇ ਸਕੂਲ ਵਿਚ ਪੜ੍ਹਨ ਗਏ ਹੋਏ ਸਨ। ਬਾਰਿਸ਼ ਕਰਕੇ ਸਕੂਲ ਨੇ 10 ਵਜੇ ਹੀ ਛੁੱਟੀ ਦੇ ਦਿੱਤੀ। ਜਦੋਂ ਬੱਚੇ ਵਾਪਸ ਆ ਰਹੇ ਸਨ ਤਾਂ ਪਿੰਡ ‘ਚ ਸੂਚਨਾ ਮਿਲੀ ਕਿ ਸੜਕ ਟੁੱਟ ਚੁੱਕੀ ਹੈ।

ਇਸ ਉਤੇ ਪੰਚਾਇਤ ਵਲੋਂ ਗੁਰਦੁਆਰੇ ‘ਚ ਐਲਾਨ ਕਰਵਾਇਆ ਗਿਆ ਕਿ ਸਕੂਲ ਬੱਸ ਵਾਪਸ ਨਹੀਂ ਆ ਸਕਦੀ, ਇਸ ਲਈ ਸਾਰੇ ਮਾਪੇ ਆਪਣੇ-ਆਪਣੇ ਬੱਚਿਆਂ ਨੂੰ ਲੈਣ ਪਹੁੰਚਣ। ਪਿੰਡ ਦੇ ਕੁਝ ਲੋਕ ਮੌਕੇ ‘ਤੇ ਪਹੁੰਚੇ ਪਰ ਟੁੱਟੀ ਹੋਈ ਸੜਕ ਅਤੇ ਪਾਣੀ ਭਰੇ ਹੋਏ ਰਸਤੇ ਨੂੰ ਵੇਖ ਕੇ ਕੋਈ ਹੱਲ ਨਹੀਂ ਨਿਕਲਿਆ ਤਾਂ ਹੀ ਪਿੰਡ ਦੇ ਦੋ ਨੌਜਵਾਨ ਸੁਖਬਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੇ ਹਿੰਮਤ ਦਿਖਾਈ ਅਤੇ ਇਕ ਅਨੋਖਾ ਤਰੀਕਾ ਵਰਤਿਆ। ਦੋਵੇਂ ਨੌਜਵਾਨ ਟੁੱਟੀ ਹੋਈ ਸੜਕ ‘ਤੇ ਲੇਟ ਗਏ ਅਤੇ ਆਪਣੇ ਸਰੀਰ ਨੂੰ ਪੁਲ ਵਾਂਗ ਵਰਤਦੇ ਹੋਏ ਇਕ-ਇਕ ਕਰਕੇ ਬੱਚਿਆਂ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਪਾਰ ਲੰਘਾਇਆ।

ਇਹ ਦੋਵੇਂ ਨੌਜਵਾਨਾਂ ਨੇ ਨਾ ਸਿਰਫ 30-35 ਬੱਚਿਆਂ ਨੂੰ ਪਾਰ ਲੰਘਾਇਆ ਸਗੋਂ 10-12 ਹੋਰ ਪਿੰਡ ਵਾਸੀਆਂ ਨੂੰ ਵੀ ਸੁਰੱਖਿਅਤ ਪਾਰ ਕਰਵਾਇਆ। ਦੱਸਣਯੋਗ ਹੈ ਕਿ ਦੋਵੇਂ ਨੌਜਵਾਨ ਵਿਆਹਸ਼ੁਦਾ ਹਨ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰਾਂ ਦੀ ਰੋਟੀ ਕਮਾਉਂਦੇ ਹਨ। ਸੁਖਬਿੰਦਰ ਸਿੰਘ ਦੇ 3 ਬੱਚੇ ਹਨ ਅਤੇ ਗਗਨਦੀਪ ਸਿੰਘ ਦਾ ਇਕ ਬੱਚਾ ਹੈ। ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਏ ਦੂਜਿਆਂ ਦੀ ਮਦਦ ਕਰਨ ਵਾਲੇ ਇਹ ਦੋ ਜਾਂਬਾਜ਼ ਅੱਜ ਪਿੰਡ ਦੀ ਪੰਚਾਇਤ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤੇ ਗਏ।

ਸੁਖਬਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਤੀਜੀ ਜਿਸ ਸਕੂਲ ‘ਚ ਪੜ੍ਹਾਉਂਦੀ ਹੈ, ਉਥੇ ਹੀ ਪਿੰਡ ਦੇ ਹੋਰ ਸਾਰੇ ਬੱਚੇ ਵੀ ਪੜ੍ਹਦੇ ਹਨ। ਮੰਗਲਵਾਰ ਨੂੰ ਜਦੋਂ ਉਹ ਖੇਤ ਤੋਂ ਵਾਪਸ ਆ ਰਿਹਾ ਸੀ ਤਾਂ ਗੁਰਦੁਆਰੇ ਤੋਂ ਐਲਾਨ ਸੁਣਿਆ ਕਿ ਸੜਕ ਟੁੱਟ ਗਈ ਹੈ। ਇਹ ਸੁਣ ਕੇ ਉਹ ਹੋਰ ਲੋਕਾਂ ਨਾਲ ਮੌਕੇ ‘ਤੇ ਪਹੁੰਚਿਆ। ਉਥੇ ਦੇਖਿਆ ਕਿ ਸੜਕ ਦਾ ਹਿੱਸਾ ਪਾਣੀ ਦੇ ਤੇਜ਼ ਬਹਾਅ ‘ਚ ਵਗ ਗਿਆ ਹੈ ਅਤੇ ਉੱਪਰੋਂ ਲਗਾਤਾਰ ਬਾਰਿਸ਼ ਹੋ ਰਹੀ ਸੀ। ਲੋਕ ਚਿੰਤਤ ਸਨ ਕਿ ਬੱਚਿਆਂ ਨੂੰ ਕਿਸੇ ਤਰੀਕੇ ਨਾਲ ਸੁਰੱਖਿਅਤ ਕਿਵੇਂ ਪਾਰ ਕਰਵਾਇਆ ਜਾਵੇ ਤਾਂ ਉਹ ਅਤੇ ਗਗਨਦੀਪ ਸਿੰਘ ਹਿੰਮਤ ਕਰਕੇ ਟੁੱਟੀ ਹੋਈ ਸੜਕ ‘ਤੇ ਲੇਟ ਗਏ ਅਤੇ ਬੱਚਿਆਂ ਨੂੰ ਆਪਣੀ ਪਿੱਠ ‘ਤੇ ਬਿਠਾ ਕੇ ਪਾਰ ਲੰਘਾਇਆ।

ਗਗਨਦੀਪ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਪਹਿਲੀ ਕਲਾਸ ਵਿਚ ਪੜ੍ਹਦਾ ਹੈ। ਉਹ ਵੀ ਹੋਰ ਮਾਪਿਆਂ ਨਾਲ ਆਪਣੇ ਭਤੀਜੇ ਨੂੰ ਲੈਣ ਗਿਆ ਹੋਇਆ ਸੀ। ਜਦੋਂ ਸੁਖਬਿੰਦਰ ਨੇ ਇਹ ਤਰੀਕਾ ਦੱਸਿਆ ਤਾਂ ਉਸਨੇ ਵੀ ਤੁਰੰਤ ਸਾਥ ਦੇਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਅਸੀਂ ਇਹ ਸੋਚ ਕੇ ਇਹ ਕਦਮ ਚੁੱਕਿਆ ਕਿ ਸਾਰੇ ਬੱਚੇ ਸਾਡੇ ਆਪਣੇ ਹੀ ਹਨ, ਉਨ੍ਹਾਂ ਨੂੰ ਕਿਸੇ ਵੀ ਹਾਲਤ ‘ਚ ਘਰ ਪਹੁੰਚਾਉਣਾ ਸੀ। ਪੰਚਾਇਤ ਮੈਂਬਰ ਨੇ ਕਿਹਾ ਕਿ ਦੋਵੇਂ ਨੌਜਵਾਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਬੱਚਿਆਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਪਰ ਇਹ ਅਫ਼ਸੋਸ ਦੀ ਗੱਲ ਹੈ ਕਿ ਅਜੇ ਤੱਕ ਨਾ ਤਾਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਾ ਹੀ ਰਸੂਲਪੁਰ ਪੰਚਾਇਤ ਵਲੋਂ ਸੜਕ ਦੀ ਮੁਰੰਮਤ ਲਈ ਕੋਈ ਉਪਰਾਲਾ ਕੀਤਾ ਗਿਆ ਹੈ। ਇਹ ਸੜਕ ਮੱਲੇਯਾਣਾ ਅਤੇ ਰਸੂਲਪੁਰ ਪਿੰਡਾਂ ਨੂੰ ਜੋੜਦੀ ਹੈ ਅਤੇ ਲੋਕਾਂ ਦੇ ਕੰਮ ਉਤੇ ਜਾਣ ਅਤੇ ਬੱਚਿਆਂ ਦੇ ਸਕੂਲ ਜਾਣ ਲਈ ਇਕਲੌਤਾ ਰਸਤਾ ਹੈ। ਅਸੀਂ ਸਰਕਾਰ ਅਤੇ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਸ ਮੁੱਖ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ