JALANDHAR WEATHER

ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਡੈਲੀਗੇਸ਼ਨ ਨੇ ਵਿਧਾਨ ਸਭਾ ਸਪੀਕਰ ਤੇ ਸਿਲੈਕਟ ਕਮੇਟੀ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ, 24 ਜੁਲਾਈ-ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਦੇ ਡੈਲੀਗੇਸ਼ਨ ਨੇ ਮੋਰਚਾ ਕੋਆਡੀਨੇਟਰ ਭਾਈ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਸਿਲੈਕਟ ਕਮੇਟੀ ਦੇ ਚੇਅਰਮੈਨ ਡਾ. ਇੰਦਰਜੀਤ ਸਿੰਘ ਨਿੱਜਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ। 

ਪੰਜਾਬ ਸਰਕਾਰ ਨੂੰ ਬੇਅਦਬੀ ਵਿਰੋਧੀ ਕਾਨੂੰਨ ਲਿਆਉਣ ਲਈ ਰਾਜ਼ੀ ਕਰਨ ਵਾਲੇ 12 ਅਕਤੂਬਰ ਤੋਂ ਚੱਲ ਰਹੇ 'ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ' (ਟਾਵਰ ਮੋਰਚਾ) ਸਮਾਣਾ ਦੇ ਪ੍ਰਤੀਨਿਧੀ ਮੰਡਲ ਨੇ ਭਾਈ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ 15 ਮੈਂਬਰੀ ਸਿਲੈਕਟ ਕਮੇਟੀ ਦੇ ਚੇਅਰਮੈਨ ਡਾਕਟਰ ਇੰਦਰਬੀਰ ਸਿੰਘ ਨਿੱਜਰ ਨਾਲ ਵਿਧਾਨ ਸਭਾ ਸਕੱਤਰੇਤ ਵਿਖੇ ਮੁਲਾਕਾਤ ਕੀਤੀ, ਜਿਸ ਵਿਚ ਭਾਈ ਗੁਰਜੀਤ ਸਿੰਘ ਖਾਲਸਾ ਵਲੋਂ ਪਿਛਲੇ 286 ਦਿਨਾਂ ਤੋਂ 400 ਫੁੱਟ ਉੱਚੇ ਟਾਵਰ ਉਤੇ ਬੈਠ ਕੇ ਕੀਤੇ ਜਾ ਰਹੇ ਸੰਘਰਸ਼ ਅਤੇ ਉਨ੍ਹਾਂ ਦੀ ਵਿਗੜੀ ਹੋਈ ਸਿਹਤ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਇਸ ਮੌਕੇ ਭਾਈ ਗੁਰਜੀਤ ਸਿੰਘ ਖਾਲਸਾ ਦੇ ਮਾਤਾ ਪਰਮਜੀਤ ਕੌਰ ਨੇ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ ਤਾਂ ਕਿ ਉਨ੍ਹਾਂ ਦਾ ਪੁੱਤਰ ਮੋਰਚਾ ਫਤਿਹ ਕਰਕੇ ਸਹੀ ਸਲਾਮਤ ਘਰ ਆ ਸਕੇ। ਮੋਰਚਾ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਨੇ ਦੋਵਾਂ ਵੱਖ-ਵੱਖ ਮੁਲਾਕਾਤਾਂ ਵਿਚ ਸਪੀਕਰ ਸਾਹਿਬ ਅਤੇ ਚੇਅਰਮੈਨ ਸਾਹਿਬ ਨੂੰ ਮੋਰਚੇ ਵਲੋਂ ਬਣ ਰਹੇ ਕਾਨੂੰਨ ਲਈ ਸਭ ਧਰਮਾਂ ਦੀ ਸਾਂਝੀ ਰਾਏ ਪੈਦਾ ਕਰਨ ਲਈ ਕੀਤੇ ਗਏ ਸਰਬ ਧਰਮ ਸੰਮੇਲਨ ਅਤੇ ਇਕੱਤਰਤਾਵਾਂ ਬਾਰੇ ਵਿਸਥਾਰ ਸਹਿਤ ਦੱਸਿਆ ਅਤੇ ਸਿਲੈਕਟ ਕਮੇਟੀ ਨੂੰ ਸਾਰੇ ਧਰਮਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਵਾਉਣ ਵਿਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਤਾਂ ਕਿ ਸਿਲੈਕਟ ਕਮੇਟੀ ਦਾ ਕੰਮ ਥੋੜ੍ਹੇ ਸਮੇਂ ਵਿਚ ਪੂਰਾ ਹੋ ਸਕੇ।

ਉਨ੍ਹਾਂ ਕਮੇਟੀ ਨੂੰ ਲੋਕ ਰਾਏ ਲੈਣ ਲਈ ਇਕ ਪੋਰਟਲ ਜਾਰੀ ਕਰਨ ਦਾ ਸੁਝਾਅ ਵੀ ਦਿੱਤਾ ਅਤੇ ਦੋਵਾਂ ਸਤਿਕਾਰਤ ਸ਼ਖਸੀਅਤਾਂ ਨੂੰ 3 ਅਗਸਤ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਉਤੇ ਹੋ ਰਹੀ ਸਰਬ ਸਾਂਝੀ 'ਧਰਮ ਕਾ ਜੈਕਾਰ' ਇਕੱਤਰਤਾ ਵਿਚ ਸ਼ਾਮਿਲ ਹੋਣ ਲਈ ਬੇਨਤੀ ਵੀ ਕੀਤੀ। ਚੇਅਰਮੈਨ ਡਾਕਟਰ ਨਿੱਜਰ ਵਲੋਂ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਟਾਵਰ ਤੋਂ ਹੇਠਾਂ ਉਤਾਰਨ ਸਬੰਧੀ ਜ਼ੋਰ ਪਾਉਣ ਉਤੇ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਕਾਨੂੰਨ ਬਣ ਨਹੀਂ ਜਾਂਦਾ ਭਾਈ ਗੁਰਜੀਤ ਸਿੰਘ ਖਾਲਸਾ ਆਪਣੇ ਪ੍ਰਣ ਅਨੁਸਾਰ ਮੋਰਚੇ ਉਤੇ ਡਟੇ ਹੋਏ ਹਨ। ਇਸ ਮੌਕੇ 15 ਮੈਂਬਰੀ ਸਿਲੈਕਟ ਕਮੇਟੀ ਦੇ ਮੈਂਬਰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਹਾਜ਼ਰ ਸਨ ਜਿਨ੍ਹਾਂ ਪੂਰੀ ਤਨਦੇਹੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਕਾਨੂੰਨ ਬਣਾਉਣ ਦੀ ਉਨ੍ਹਾਂ ਨੂੰ ਮਿਲੀ ਸੇਵਾ ਨਿਭਾਉਣ ਦਾ ਭਰੋਸਾ ਦਿਵਾਇਆ।

ਇਸ ਮੌਕੇ ਸਪੀਕਰ ਸੰਧਵਾਂ ਅਤੇ ਚੇਅਰਮੈਨ ਡਾਕਟਰ ਨਿੱਜਰ ਨੇ ਮੋਰਚੇ ਦੀਆਂ ਭਾਵਨਾਵਾਂ ਅਨੁਸਾਰ ਲੋੜ ਅਨੁਸਾਰ ਹਰ ਤਰ੍ਹਾਂ ਦਾ ਸਹਿਯੋਗ ਲੈਣ ਦੀ ਹਾਮੀ ਭਰੀ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਬਾਬਾ ਗੁਰਦੀਪ ਸਿੰਘ ਭੁੱਲਰ, ਬਾਬਾ ਸਾਹਿਬ ਸਿੰਘ, ਰੰਮੀ ਸਿੰਘ ਸਹਿਗਲ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ