ਹਥਿਆਰਾਂ ਸਮੇਤ ਅੰਮ੍ਰਿਤਸਰ ਪੁਲਿਸ ਨੇ 4 ਮੁਲਜ਼ਮ ਕੀਤੇ ਕਾਬੂ- ਡੀ.ਜੀ.ਪੀ. ਗੌਰਵ ਯਾਦਵ

ਚੰਡੀਗੜ੍ਹ, 23 ਅਪ੍ਰੈਲ- ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਾਸ ਖੁਫ਼ੀਆ ਜਾਣਕਾਰੀ ’ਤੇ ਕਾਰਵਾਈ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿਚ, ਜਿਸ ਵਿਚ ਸੀਮਾ ਸੁਰੱਖਿਆ ਬਲ ਨਾਲ ਇਕ ਸੰਯੁਕਤ ਕਾਰਵਾਈ ਸ਼ਾਮਿਲ ਹੈ, ਨੇ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਵਿਚ ਸ਼ਾਮਲ 4 ਮੁਲਜ਼ਮਾਂ ਤੋਂ 8 ਗੈਰ-ਕਾਨੂੰਨੀ ਹਥਿਆਰ ਜ਼ਬਤ ਕੀਤੇ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿਚੋਂ 8 ਪਿਸਤੌਲ (5 .30 ਕੈਲੀਬਰ ਅਤੇ 3 9 ਐਮ.ਐਮ. ਕੈਲੀਬਰ) ਮੈਗਜ਼ੀਨਾਂ ਸਮੇਤ ਜ਼ਬਤ ਕੀਤੇ ਗਏ ਹਨ ਤੇ ਅੰਮ੍ਰਿਤਸਰ ਦੇ ਪੁਲਿਸ ਥਾਣਾ ਘਰਿੰਡਾ ਵਿਖੇ ਐਫ਼.ਆਈ.ਆਰ. ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਅਤੇ ਇਸ ਦੇ ਸੰਬੰਧਾਂ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਲਖਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਵਾਸੀ ਡਾਂਡੇ, ਅੰਮ੍ਰਿਤਸਰ, ਆਕਾਸ਼ਦੀਪ ਸਿੰਘ ਵਾਸੀ ਚੱਬਲ, ਤਰਨ ਤਾਰਨ ਤੇ ਗੁਰਪ੍ਰੀਤ ਸਿੰਘ ਵਾਸੀ ਕਸੇਲ, ਤਰਨ ਤਾਰਨ ਸ਼ਾਮਿਲ ਹਨ।