ਸ਼੍ਰੋਮਣੀ ਅਕਾਲੀ ਦਲ ਦਾ ਧਰਨਾ ਹਰ ਹਾਲ ਵਿਚ ਲੱਗੇਗਾ - ਢਿੱਲੋਂ

ਲੁਧਿਆਣਾ, 22 ਜੁਲਾਈ (ਜਗਮੀਤ ਸਿੰਘ)- ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਲਗਾਇਆ ਜਾਣ ਵਾਲਾ ਧਰਨਾ ਹਰ ਹਾਲ ਵਿਚ ਲੱਗ ਕੇ ਰਹੇਗਾ। ਇਹ ਦਾਅਵਾ ਧਰਨਾ ਕਮੇਟੀ ਅਤੇ ਲੋਕ ਸਭਾ ਹਲਕਾ ਲੁਧਿਆਣਾ ਦੇ ਇੰਚਾਰਜ ਰਣਜੀਤ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਸਥਾਨ ਉਪਰ ਗੱਲਬਾਤ ਕਰਦਿਆਂ ਕੀਤਾ।
ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਧਰਨੇ ਸੰਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਠੀਕ 12 ਵਜੇ ਧਰਨਾ ਸਥਾਨ ਉਪਰ ਪਹੁੰਚ ਜਾਣਗੇ ਅਤੇ ਦੋ ਘੰਟੇ ਤੱਕ ਸਰਕਾਰ ਦੀ ਕਿਸਾਨ ਮਾਰੂ ਨੀਤੀ ਲੈਂਡ ਪੁਲਿੰਗ ਦੇ ਖਿਲਾਫ਼ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਇਸ ਕਿਸਾਨ ਮਾਰੂ ਨੀਤੀ ਨੂੰ ਹਰ ਕੀਮਤ ’ਤੇ ਵਾਪਿਸ ਲੈਣ ਲਈ ਮਜਬੂਰ ਕੀਤਾ ਜਾਵੇਗਾ।
ਉਹਨਾਂ ਦੇ ਨਾਲ ਜਥੇਦਾਰ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਭੁਪਿੰਦਰ ਸਿੰਘ ਭਿੰਦਾ ਅਤੇ ਹੋਰ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੈਂਡ ਪੁਲਿੰਗ ਨੀਤੀ ਖਿਲਾਫ਼ ਸਵੇਰੇ 10 ਵਜੇ ਤੋਂ ਧਰਨਾ ਦਿੱਤਾ ਜਾਣਾ ਸੀ, ਪਰ ਸਵੇਰ ਤੋਂ ਹੀ ਪੈ ਰਹੇ ਭਾਰੀ ਮੀਂਹ ਕਾਰਨ ਧਰਨਾ ਲੇਟ ਸ਼ੁਰੂ ਹੋਵੇਗਾ। ਪਹਿਲਾਂ ਇਹ ਧਾਰਨਾ 15 ਜੁਲਾਈ ਨੂੰ ਦਿੱਤਾ ਜਾਣਾ ਸੀ, ਉਸ ਸਮੇ ਵੀ ਮੌਸਮ ਦੀ ਖ਼ਰਾਬੀ ਕਾਰਨ ਧਰਨਾ 22 ਜੁਲਾਈ ਨੂੰ ਕਰ ਦਿੱਤਾ ਗਿਆ ਸੀ।