ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ

ਢਿਲਵਾਂ, (ਕਪੂਰਥਲਾ), 22 ਜੁਲਾਈ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਹਿਮਾਚਲ ਪ੍ਰਦੇਸ਼ ਵਿਚ ਹੋ ਰਹੀਆਂ ਬਾਰਿਸ਼ਾਂ ਦੇ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦਰਿਆ ਬਿਆਸ ਦੇ ਪਾਣੀ ਦੇ ਪੱਧਰ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਅੱਜ ਸਵੇਰੇ 8 ਵਜੇ ਦਰਿਆ ਬਿਆਸ ਤੇ ਇਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਵਿਜੇ ਕੁਮਾਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦਰਿਆ ਬਿਆਸ ਵਿਚ 739.80 ਗੇਜ਼ ਤੇ 59085 ਕਿਉਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਲੰਘੀ ਸ਼ਾਮ ਨੂੰ 6 ਵਜੇ ਕਰੀਬ 35 ਹਜ਼ਾਰ ਕਿਉਸਿਕ ਪਾਣੀ ਰਿਕਾਰਡ ਕੀਤਾ ਗਿਆ ਸੀ ਤੇ ਸਵੇਰ ਹੁੰਦੇ ਪਾਣੀ ਦੇ ਪੱਧਰ ਵਿਚ ਵਾਧਾ ਦਰਜ ਕੀਤਾ ਗਿਆ ਹੈ ।