ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਇਕ ਗੰਭੀਰ ਜ਼ਖਮੀ

ਮਹਿਲ ਕਲਾਂ, (ਬਰਨਾਲਾ), 22 ਜੁਲਾਈ (ਅਵਤਾਰ ਸਿੰਘ ਅਣਖੀ)- ਅੱਜ ਤੜਕੇ 5 ਵਜੇ ਦੇ ਕਰੀਬ ਮਹਿਲ ਕਲਾਂ (ਬਰਨਾਲਾ) ਨੇੜੇ ਲੁਧਿਆਣਾ-ਬਠਿੰਡਾ ਮੁੱਖ ਮਾਰਗ ਉਪਰ ਵਾਪਰੇ ਸੜਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਹੌਰ ਦੇ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਰਾਏਕੋਟ ਕਿਸੇ ਫੈਕਟਰੀ ’ਚ ਕੰਮ ’ਤੇ ਜਾ ਰਹੇ ਸਨ ਕਿ ਸਹਿਜੜਾ ਡਰੇਨ ਦੇ ਪੁੱਲ ਨੇੜੇ ਪਹੁੰਚਣ ’ਤੇ ਮੋਟਰਸਾਈਕਲ ਦਾ ਟਾਇਰ ਫੱਟਣ ਕਰਕੇ ਉਹ ਮੁੱਖ ਮਾਰਗ ’ਤੇ ਖੜੇ ਟਰਾਲੇ ਦੇ ਪਿਛਲੇ ਪਾਸੇ ਟਕਰਾ ਕੇ ਹਾਦਸਾਗ੍ਰਸਤ ਹੋ ਗਏ।
ਇਸ ਹਾਦਸੇ ਵਿਚ ਚਾਲਕ ਨੌਜਵਾਨ ਦਵਿੰਦਰ ਸਿੰਘ (28) ਪੁੱਤਰ ਜਰਨੈਲ ਸਿੰਘ ਵਾਸੀ ਸਹੌਰ ਦੀ ਮੌਕੇ ’ਤੇ ਮੌਤ ਹੋ ਗਈ, ਜਦ ਕਿ ਪਿਛੇ ਬੈਠਾ ਨੌਜਵਾਨ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਸਹੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ।