ਟਰੱਕ ਯੂਨੀਅਨ ਦੇ ਪੑਧਾਨ ਤੇ ਸਰਪੰਚ ਰੂਪਾ ਖੀਰਨੀਆਂ ਦੀ ਅਚਾਨਕ ਮੌਤ

ਮਾਛੀਵਾੜਾ ਸਾਹਿਬ, ਸਮਰਾਲਾ (ਲੁਧਿਆਣਾ), 22 ਜੁਲਾਈ (ਮਨੋਜ ਕੁਮਾਰ/ਗੋਪਾਲ ਸੋਫ਼ਤ)- ਟਰੱਕ ਯੂਨੀਅਨ ਮਾਛੀਵਾੜਾ ਦੇ ਨੌਜਵਾਨ ਪ੍ਰਧਾਨ ਅਤੇ ਪਿੰਡ ਖੀਰਨੀਆਂ ਦੇ ਸਰਪੰਚ ਜਗਰੂਪ ਸਿੰਘ ਰੂਪਾ ਖੀਰਨੀਆਂ ਦਾ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਰੂਪਾ ਖੀਰਨੀਆਂ ਸਮਰਾਲਾ ਦੇ ਸਾਬਕਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਜੀਵਨ ਸਿੰਘ ਖੀਰਨੀਆਂ ਦੇ ਭਤੀਜੇ ਸਨ। ਜਗਜੀਵਨ ਸਿੰਘ ਖੀਰਨੀਆਂ ਇਨ੍ਹਾਂ ਦਿਨਾਂ ’ਚ ਪਰਿਵਾਰਕ ਸਮਾਗਮਾਂ ਵਿਚ ਸ਼ਮੂਲੀਅਤ ਕਰਨ ਲਈ ਵਿਦੇਸ਼ ਗਏ ਹੋਏ ਹਨ।
ਰੂਪਾ ਖੀਰਨੀਆਂ ਦਾ ਸਸਕਾਰ ਅੱਜ 22 ਜੁਲਾਈ ਨੂੰ ਸ਼ਾਮ ਉਨ੍ਹਾਂ ਦੇ ਜੱਦੀ ਪਿੰਡ ਖੀਰਨੀਆਂ (ਨੇੜੇ ਸਮਰਾਲਾ) ਵਿਖੇ ਕੀਤਾ ਜਾਵੇਗਾ। 46 ਸਾਲਾ ਜਗਰੂਪ ਸਿੰਘ ਖੀਰਨੀਆਂ ਨੇ ਬਹੁਤ ਹੀ ਛੋਟੀ ਉਮਰ ਵਿਚ ਹਲਕੇ ਦੀ ਰਾਜਨੀਤੀ ਦੇ ਨਾਲ ਨਾਲ ਕਈ ਅਹਿਮ ਜ਼ਿੰਮੇਵਾਰੀਆ ਨੂੰ ਨਿਭਾਇਆ ਤੇ ਵੱਕਾਰੀ ਅਹੁਦਿਆਂ ’ਤੇ ਆਪਣੀ ਪੈਠ ਬਣਾਈ। ਉਹ ਆਪਣੇ ਪਿੱਛੇ ਪਤਨੀ ਤੇ ਦੋ ਮਾਸੂਮ ਧੀਆਂ ਛੱਡ ਗਏ ਹਨ।