JALANDHAR WEATHER

ਬਠਿੰਡਾ ਦੇ ਰਜਿੰਦਰ ਗੁਪਤਾ ਨੇ 6 ਲੱਖ 45 ਹਜ਼ਾਰ ਕਿੱਲੋਮੀਟਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਕੀਤੀ ਯਾਤਰਾ

ਤਪਾ ਮੰਡੀ, 20 ਜੁਲਾਈ (ਵਿਜੇ ਸ਼ਰਮਾ)-ਬਠਿੰਡਾ ਦੇ ਰਜਿੰਦਰ ਕੁਮਾਰ ਗੁਪਤਾ ਦੀ ਜਿਨ੍ਹਾਂ ਨੇ 36 ਸਾਲ ਲਗਾਤਾਰ ਸਾਈਕਲ 'ਤੇ 6 ਲੱਖ 45 ਹਜ਼ਾਰ ਕਿੱਲੋਮੀਟਰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ | ਉਹ ਬਠਿੰਡਾ-ਚੰਡੀਗੜ੍ਹ 'ਤੇ ਸਥਿਤ ਬਾਬਾ ਸੁੱਖਾਨੰਦ ਸ਼ਿਵਰ ਸੇਵਾ ਸੰਘ ਵਿਖੇ ਪਹੁੰਚੇ, ਜਿਨ੍ਹਾਂ ਦਾ ਸੰਘ ਵਲੋਂ ਮਾਨ ਸਨਮਾਨ ਵੀ ਕੀਤਾ | ਇਸ ਮੌਕੇ ਗੁਪਤਾ ਨੇ ਦੱਸਿਆ ਕਿ 20ਵੀਂ ਅਮਰਨਾਥ ਦੀ ਯਾਤਰਾ ਸਾਈਕਲ 'ਤੇ ਜਦੋਂ ਗਏ ਤਾਂ ਜੰਮੂ-ਕਸ਼ਮੀਰ ਦੇ ਰਾਜਪਾਲ ਵਲੋਂ ਉਨ੍ਹਾਂ ਨੂੰ ਫ਼ੌਜ ਦੇ ਹੈਲੀਕਾਪਟਰ 'ਤੇ ਬਾਬਾ ਬਰਫ਼ਾਨੀ ਦੀ ਗੁਫ਼ਾ ਦੇ ਦਰਸ਼ਨ ਕਰਵਾਏ ਤੇ ਬਹੁਤ ਹੀ ਮਾਣ ਸਨਮਾਨ ਮਿਲਿਆ | ਇਸ ਤੋਂ ਇਲਾਵਾ 151 ਵਾਰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕੀਤੀ, ਜਿਸ 'ਚ ਮਾਂ ਨੈਣਾਂ ਦੇਵੀ, ਚਿੰਤਪੁਰਨੀ, ਚਾਮੁੰਡਾ ਜੀ, ਕਾਂਗੜਾ ਮਾਤਾ, ਜਵਾਲਾ ਜੀ ਤੇ ਵੈਸ਼ਨੋ ਦੇਵੀ ਆਦਿ ਮਾਤਾ ਦੇ ਦਰਸ਼ਨ ਕੀਤੇ | ਉਨ੍ਹਾਂ ਦੱਸਿਆ ਕਿ ਉਹ 72 ਵਾਰ ਸਾਈਕਲ 'ਤੇ ਕਾਂਵੜ ਲੈ ਕੇ ਆਏ ਹਨ, ਜਿਸ ਦੌਰਾਨ ਉਹ ਅੱਜ ਗਊਮੁੱਖ ਤੋਂ ਕਾਂਵੜ ਲੈ ਕੇ ਸਾਈਕਲ ਰਾਹੀਂ ਬਠਿੰਡਾ ਜਾ ਰਹੇ ਹਨ ਅਤੇ ਤਪਾ ਦੇ ਕਾਂਵੜੀਆਂ ਲਈ ਲੱਗੇ ਸ਼ਿਵਰ 'ਚ ਰੁਕੇ ਹਨ | ਉਨ੍ਹਾਂ ਦੱਸਿਆ ਕਿ ਸਾਈਕਲ 'ਤੇ ਉਜੈਨ ਮੰਦਰ, ਸੋਮਨਾਥ ਮੰਦਰ, 12 ਜੋਤੀ ਲਿੰਗ, ਦੁਆਰਕਾ ਆਦਿ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ | ਉਨ੍ਹਾਂ ਇਕ ਵਿਸ਼ੇਸ਼ ਗੱਲ ਦੱਸੀ ਇਹ ਸਾਈਕਲ 'ਤੇ ਯਾਤਰਾ ਕਰਨ ਦੇ ਨਾਲ ਮੇਰੀ ਨਜ਼ਰ ਕਾਫ਼ੀ ਘੱਟ ਗਈ ਸੀ ਜੋ ਬਾਬਾ ਭੋਲੇ ਦੀ ਕਿਰਪਾ ਦੇ ਨਾਲ ਮੇਰੀ ਨਜ਼ਰ ਹੁਣ ਬਿਲਕੁਲ ਠੀਕ ਹੈ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਹਮੇਸ਼ਾ ਮੇਰੇ ਨਾਲ ਹੈ | ਉਨ੍ਹਾਂ ਦੱਸਿਆ ਕਿ 72 ਵਾਰ ਦੀ ਯਾਤਰਾ ਦੌਰਾਨ ਮੈਂ 72 ਸਾਈਕਲ ਬਦਲ ਚੁੱਕਿਆ ਹਾਂ | 65 ਸਾਲ ਦੇ ਰਜਿੰਦਰ ਗੁਪਤਾ ਨੇ ਦੱਸਿਆ ਕਿ ਮੇਰਾ ਇੱਕੋ ਹੀ ਟੀਚਾ ਹੈ ਕਿ ਮੈਂ ਦੇਸ਼ ਦੇ ਜਿੰਨੇ ਵੀ ਧਾਰਮਿਕ ਅਸਥਾਨ ਮੰਦਰ ਹਨ | ਉਨ੍ਹਾਂ ਦੇ ਦਰਸ਼ਨ ਸਾਈਕਲ 'ਤੇ ਕਰ ਚੁੱਕਾ ਹਾਂ, ਜਿਸ ਕਰ ਕੇ ਉਨ੍ਹਾਂ ਨੇ ਆਪਣਾ ਵਿਆਹ ਵੀ ਨਹੀਂ ਕਰਵਾਇਆ | ਉਨ੍ਹਾਂ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ | ਅੰਤ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੋ ਵੀ ਇਤਿਹਾਸਿਕ ਮੰਦਰਾਂ ਦੇ ਦਰਸ਼ਨ ਰਹਿ ਗਏ ਹਨ ਉਨ੍ਹਾਂ ਨੂੰ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ | ਇਸ ਮੌਕੇ ਮਨੀਸ਼ ਤਾਜੋਕੇ, ਦੀਪਕ ਕੁਮਾਰ, ਕਰਨ ਟੈਂਟ ਵਾਲਾ, ਡਿੰਪੀ ਪੰਡਿਤ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ