ਸ਼ਰਾਬ ਘੁਟਾਲਾ ਮਾਮਲਾ: ਈ.ਡੀ. ਨੇ ਭੁਪੇਸ਼ ਬਘੇਲ ਦੇ ਪੁੱਤਰ ਨੂੰ ਕੀਤਾ ਗਿ੍ਫ਼ਤਾਰ

ਰਾਏਪੁਰ, 18 ਜੁਲਾਈ- ਛੱਤੀਸਗੜ੍ਹ ਸ਼ਰਾਬ ਘੁਟਾਲੇ ਮਾਮਲੇ ਵਿਚ, ਈ.ਡੀ. ਨੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ ਪੁੱਤਰ ਚੈਤਨਯ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਇਕ ਕਥਿਤ ਸ਼ਰਾਬ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਕੀਤੀ ਗਈ ਸੀ। ਈ.ਡੀ. ਦੀ ਕਾਰਵਾਈ ਦੌਰਾਨ ਭੁਪੇਸ਼ ਬਘੇਲ ਵਿਧਾਨ ਸਭਾ ਲਈ ਘਰੋਂ ਨਿਕਲੇ ਸਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਸਵੇਰੇ ਭਿਲਾਈ ਘਰ ’ਤੇ ਛਾਪਾ ਮਾਰਿਆ। ਈ.ਡੀ. ਨੇ ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਤਹਿਤ ਕਥਿਤ ਸ਼ਰਾਬ ਘੁਟਾਲੇ ਨਾਲ ਸੰਬੰਧਿਤ ਇਕ ਮਾਮਲੇ ਵਿਚ ਕੀਤੀ ਹੈ। ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਘਰ ਵਿਚ ਚੱਲ ਰਹੀ ਈ.ਡੀ. ਦੀ ਕਾਰਵਾਈ ਵਿਚਕਾਰ ਵਿਧਾਨ ਸਭਾ ਲਈ ਰਵਾਨਾ ਹੋ ਗਏ। ਜਿਸ ਤੋਂ ਬਾਅਦ ਈ.ਡੀ. ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਕਾਰਵਾਈ ਦੌਰਾਨ ਗੁੱਸੇ ਵਿਚ ਆਏ ਸਮਰਥਕਾਂ ਨੇ ਬੈਰੀਕੇਡਿੰਗ ਹਟਾਉਣ ਦੀ ਮੰਗ ਕੀਤੀ। ਨਾਲ ਹੀ, ਸਮਰਥਕਾਂ ਨੇ ਬੈਰੀਕੇਡਿੰਗ ਢਾਹ ਦਿੱਤੀ ਸੀ।
ਈ.ਡੀ. ਦੇ ਘਰ ਪਹੁੰਚਣ ’ਤੇ, ਭੂਪੇਸ਼ ਬਘੇਲ ਨੇ ਐਕਸ ’ਤੇ ਇਕ ਪੋਸਟ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ ਕਿ ਈ.ਡੀ. ਆ ਗਈ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਅੱਜ ਉਠਾਇਆ ਜਾਣਾ ਸੀ। ‘ਸਾਹਿਬ’ ਨੇ ਈ.ਡੀ. ਨੂੰ ਭਿਲਾਈ ਘਰ ਭੇਜ ਦਿੱਤਾ ਹੈ।