ਮੋਟਰਸਾਈਕਲਾਂ ਦੀ ਹੋਈ ਟੱਕਰ ਵਿਚ 70 ਫੁੱਟ ਪੁੱਲ ਤੋਂ ਡਿੱਗਿਆ ਨੌਜਵਾਨ, ਹੋਈ ਮੌਤ

ਨਾਭਾ, (ਪਟਿਆਲਾ), 18 ਜੁਲਾਈ- ਨਾਭਾ ਦੇ ਵਿਚ ਤੜਕਸਾਰ ਨਾਭਾ ਭਵਾਨੀਗੜ੍ਹ ਪੁਲ ’ਤੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿਚ ਦੋ ਮੋਟਰਸਾਈਕਲਾਂ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ ਵਿਚ ਇਕ ਨੌਜਵਾਨ 70 ਫੁੱਟ ਪੁਲ ਤੋਂ ਹੇਠਾਂ ਡਿੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਉਸ ਦਾ ਨਾਲ ਦਾ ਸਾਥੀ ਵੀ ਗੰਭੀਰ ਫੱਟੜ ਹੋ ਗਿਆ। ਇਹਨਾਂ ਦੋਵਾਂ ਨੌਜਵਾਨਾਂ ਨੂੰ ਪਟਿਆਲਾ ਇਲਾਜ ਲਈ ਭੇਜਿਆ ਗਿਆ। ਦੂਸਰੇ ਪਾਸੇ ਦੂਸਰੇ ਮੋਟਰਸਾਈਕਲ ’ਤੇ ਸਵਾਰ ਮਾਂ ਪੁੱਤ ਵੀ ਇਸ ਹਾਦਸੇ ਦੌਰਾਨ ਗੰਭੀਰ ਫੱਟੜ ਹੋ ਗਏ, ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹਨ। ਮੌਕੇ ’ਤੇੇ 108 ਐਂਬੂਲੈਂਸ ਨਾ ਪਹੁੰਚਣ ਕਾਰਨ ਸ਼ਹਿਰ ਨਿਵਾਸਿਆਂ ਵਿਚ ਵੱਡਾ ਰੋਸ ਸੀ। 108 ਐਬੂਲੈਂਸ ਈ.ਐਮ.ਟੀ. ਨੇ ਕਿਹਾ ਕਿ 108 ਐਂਬੂਲੈਂਸ ਦਾ ਜੀ.ਪੀ.ਐਸ. ਖਰਾਬ ਹੈ, ਜਿਸ ਕਰਕੇ ਅਸੀਂ ਐਮਰਜੈਂਸੀ ਨਹੀਂ ਲਿਜਾ ਸਕਦੇ।
ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਕ ਨੌਜਵਾਨ ਤਾਂ ਪੁਲ ਦੇ ਹੇਠਾਂ ਡਿੱਗ ਗਿਆ ਤੇ ਉਸ ਦੇ ਨਾਲ ਦਾ ਸਾਥੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ ਤੇ ਮੌਕੇ ’ਤੇ ਕੋਈ ਵੀ ਐਂਬੂਲੈਂਸ ਨਹੀਂ ਪਹੁੰਚੀ। ਇਸ ਮੌਕੇ ਨਾਭਾ ਕੋਤਵਾਲੀ ਪੁਲਿਸ ਦੇ ਜਾਂਚ ਅਧਿਕਾਰੀ ਚਮਕੌਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਦੇ ਵਿਚ ਕੁੱਲ ਚਾਰ ਵਿਅਕਤੀ ਫੱਟੜ ਹੋਏ ਸਨ, ਜਿਨ੍ਹਾਂ ਵਿਚੋਂ 2 ਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਸੀ ਤੇ ਉਥੇ ਇਕ ਦੀ ਇਲਾਜ ਦੌਰਾਨ ਮੌਤ ਗਈ ਹੈ ਅਤੇ 2 ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿਚ ਇਲਾਜ ਅਧੀਨ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।