ਅਮਰੀਕੀ ਗਾਇਕਾ ਕੌਨੀ ਫ਼ਰਾਂਸਿਸ ਦਾ 87 ਸਾਲ ਦੀ ਉਮਰ ’ਚ ਦਿਹਾਂਤ

ਵਾਸ਼ਿੰਗਟਨ, 18 ਜੁਲਾਈ- ਅਮਰੀਕੀ ਸੰਗੀਤ ਜਗਤ ਦੀ ਇਕ ਸੁਰੀਲੀ ਆਵਾਜ਼ ਹਮੇਸ਼ਾ ਲਈ ਚੁੱਪ ਹੋ ਗਈ ਹੈ। ‘ਸਟੂਪਿਡ ਕਯੂਪਿਡ’, ‘ਪ੍ਰੀਟੀ ਲਿਟਲ ਬੇਬੀ’ ਅਤੇ ‘ਹੂਜ਼ ਸੌਰੀ ਨਾਓ?’ ਵਰਗੇ ਹਿੱਟ ਗੀਤਾਂ ਨਾਲ ਲੱਖਾਂ ਦਿਲਾਂ ’ਤੇ ਰਾਜ ਕਰਨ ਵਾਲੀ ਮਸ਼ਹੂਰ ਗਾਇਕਾ ਕੌਨੀ ਫਰਾਂਸਿਸ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਕਰੀਬੀ ਦੋਸਤ ਰੌਨ ਰੌਬਰਟਸ ਨੇ ਕੀਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਇਕ ਭਾਵਨਾਤਮਕ ਪੋਸਟ ਰਾਹੀਂ ਇਹ ਦੁਖਦਾਈ ਖ਼ਬਰ ਸਾਂਝੀ ਕੀਤੀ।
ਰੌਨ ਨੇ ਲਿਖਿਆ ਕਿ ਭਾਰੀ ਦਿਲ ਅਤੇ ਡੂੰਘੇ ਦੁੱਖ ਨਾਲ, ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਮੇਰੀ ਪਿਆਰੀ ਦੋਸਤ ਕੌਨੀ ਫਰਾਂਸਿਸ ਹੁਣ ਸਾਡੇ ਵਿਚਕਾਰ ਨਹੀਂ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ, ਪਰ ਇਹ ਖ਼ਬਰ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਲਈ ਇਕ ਵੱਡਾ ਝਟਕਾ ਹੈ।