ਰਾਬਰਟ ਵਾਡਰਾ ਈ.ਡੀ. ਸਾਹਮਣੇ ਹੋਏ ਪੇਸ਼

ਨਵੀਂ ਦਿੱਲੀ, 14 ਜੁਲਾਈ- ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਅਤੇ ਮਸ਼ਹੂਰ ਕਾਰੋਬਾਰੀ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਏ। ਉਨ੍ਹਾਂ ਤੋਂ ਬ੍ਰਿਟਿਸ਼ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ। ਵਾਡਰਾ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ (PML1) ਦੇ ਤਹਿਤ ਦਰਜ ਕੀਤਾ ਗਿਆ। 56 ਸਾਲਾ ਵਾਡਰਾ ਸਵੇਰੇ 11 ਵਜੇ ਤੋਂ ਬਾਅਦ ਕੇਂਦਰੀ ਦਿੱਲੀ ਵਿੱਚ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪਹੁੰਚੇ। ਉਨ੍ਹਾਂ ਦੇ ਨਾਲ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਸਨ। ਰਾਬਰਟ ਵਾਡਰਾ ਨੂੰ ਪਿਛਲੇ ਮਹੀਨੇ ਏਜੰਸੀ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ, ਪਰ ਉਨ੍ਹਾਂ ਨੇ ਆਪਣੀ ਵਿਦੇਸ਼ ਯਾਤਰਾ ਕਾਰਨ ਆਪਣੇ ਸੰਮਨ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।
ਕੇਂਦਰੀ ਜਾਂਚ ਏਜੰਸੀ ਉਨ੍ਹਾਂ ਤੋਂ ਤਿੰਨ ਵੱਖ-ਵੱਖ ਮਨੀ ਲਾਂਡਰਿੰਗ ਮਾਮਲਿਆਂ ਵਿਚ ਪੁੱਛਗਿੱਛ ਕਰ ਰਹੀ ਹੈ, ਜਿਸ ਵਿਚ ਇਹ ਮਾਮਲਾ ਵੀ ਸ਼ਾਮਿਲ ਹੈ। ਬਾਕੀ ਦੋ ਮਾਮਲੇ ਜ਼ਮੀਨ ਸੌਦਿਆਂ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਹਨ। 2016 ਵਿਚ ਆਮਦਨ ਕਰ ਵਿਭਾਗ ਵਲੋਂ ਦਿੱਲੀ ਵਿਚ ਛਾਪਾ ਮਾਰਨ ਤੋਂ ਤੁਰੰਤ ਬਾਅਦ 63 ਸਾਲਾ ਭੰਡਾਰੀ ਲੰਡਨ ਭੱਜ ਗਿਆ ਸੀ। ਹਾਲ ਹੀ ਵਿਚ, ਦਿੱਲੀ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਹੈ। ਪਿਛਲੇ ਮਹੀਨੇ ਦੇ ਸ਼ੁਰੂ ਵਿਚ, ਈ.ਡੀ. ਵਲੋਂ ਸੰਮਨ ਭੇਜਣ ਤੋਂ ਬਾਅਦ ਵੀ ਉਹ ਸੁਣਵਾਈ ਲਈ ਪੇਸ਼ ਨਹੀਂ ਹੋਇਆ ਸੀ। ਇਸ ਦਾ ਕਾਰਨ ਉਨ੍ਹਾਂ ਦਾ ਵਿਦੇਸ਼ ਹੋਣਾ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ, ਈ.ਡੀ. ਨੇ ਵਾਡਰਾ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਇਆ ਸੀ। ਇਹ ਮਾਮਲਾ ਯੂ.ਕੇ. ਸਥਿਤ ਹਥਿਆਰ ਡੀਲਰ ਸੰਜੇ ਭੰਡਾਰੀ ਨਾਲ ਸੰਬੰਧਿਤ ਹੈ। ਇਸ ਮਾਮਲੇ ਦੀ ਜਾਂਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐਮਐਲਏ) ਦੇ ਤਹਿਤ ਕੀਤੀ ਜਾ ਰਹੀ ਹੈ।
ਅਪ੍ਰੈਲ ਵਿਚ ਈ.ਡੀ. ਨੇ ਵਾਡਰਾ ਤੋਂ ਲਗਾਤਾਰ ਤਿੰਨ ਦਿਨ ਪੁੱਛਗਿੱਛ ਕੀਤੀ ਸੀ। ਇਹ ਪੁੱਛਗਿੱਛ ਹਰਿਆਣਾ ਵਿਚ 2008 ਦੇ ਇਕ ਜ਼ਮੀਨ ਸੌਦੇ ਵਿਚ ਕਥਿਤ ਬੇਨਿਯਮੀਆਂ ਨਾਲ ਸੰਬੰਧਿਤ ਇਕ ਹੋਰ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਸੀ। ਰਾਬਰਟ ਵਾਡਰਾ ਈ.ਡੀ. ਜਾਂਚ ਅਧੀਨ ਕੁੱਲ ਤਿੰਨ ਮਨੀ ਲਾਂਡਰਿੰਗ ਮਾਮਲਿਆਂ ਵਿਚ ਸ਼ਾਮਿਲ ਹਨ।