ਫਾਜ਼ਿਲਕਾ ’ਚ ਮੀਂਹ ਨੇ ਤੋੜੇ ਰਿਕਾਰਡ, ਸ਼ਹਿਰ ਹੋਇਆ ਜਲਥਲ

ਫ਼ਾਜ਼ਿਲਕਾ, 14 ਜੁਲਾਈ (ਬਲਜੀਤ ਸਿੰਘ)- ਪਿਛਲੇ ਦਿਨੀਂ ਮੌਸਮ ਵਿਭਾਗ ਦੀ ਚਿਤਾਵਨੀ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਮੀਂਹ ਅਤੇ ਹਨੇਰੀ ਦੇ ਆਸਾਰ ਸਨ, ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਸਵੇਰ ਤੋਂ ਹੀ ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਸਨ ਤੇ ਸਵੇਰੇ ਕਰੀਬ 8:30 ਤੋਂ ਮੀਂਹ ਸ਼ੁਰੂ ਹੋ ਗਿਆ ਅਤੇ ਲਗਾਤਾਰ ਦੁਪਹਿਰ ਤੱਕ ਜਾਰੀ ਹੈ। ਦੇਖਦੇ ਹੀ ਦੇਖਦੇ ਬਾਰਿਸ਼ ਇੰਨੀ ਤੇਜ਼ ਹੋ ਗਈ ਕਿ ਸਾਰਾ ਸ਼ਹਿਰ ਜਲ ਥਲ ਹੋ ਗਿਆ।
ਸ਼ਹਿਰ ਦੀਆਂ ਸੜਕਾਂ ਗਲੀਆਂ ਝੀਲਾਂ ਵਿਚ ਬਦਲ ਗਈਆਂ। ਬਾਜ਼ਾਰ ਵਿਚ ਪਾਣੀ ਭਰਨ ਕਾਰਨ ਕੁਝ ਦੁਕਾਨਾਂ ਵੀ ਬੰਦ ਪਈਆਂ ਹਨ ਤੇ ਖੇਤਾਂ ਵਿਚ ਵੀ ਭਾਰੀ ਬਾਰਿਸ਼ ਹੋਣ ਕਾਰਨ ਪਾਣੀ ਭਰ ਗਿਆ ਹੈ। ਸ਼ਹਿਰ ਦੀ ਅਬੋਹਰ ਰੋਡ, ਗਊਸ਼ਾਲਾ ਰੋਡ, ਹੋਟਲਾਂ ਬਾਜ਼ਾਰ, ਦਾਣਾ ਮੰਡੀ, ਬੱਸ ਸਟੈਂਡ, ਬੀਕਾਨੇਰ ਰੋਡ, ਡੈਡ ਰੋਡ, ਕੈਂਟ ਰੋਡ, ਸਮੇਤ ਹੋਰ ਥਾਵਾਂ ’ਤੇ ਪਾਣੀ ਜਮਾ ਹੋ ਗਿਆ ਹੈ।