ਤਲਾਅ ’ਚ ਡੁੱਬੇ ਤਿੰਨ ਚਚੇਰੇ ਭਰਾ, ਹੋਈ ਮੌਤ

ਕੈਥਲ, (ਹਰਿਆਣਾ), 10 ਜੁਲਾਈ- ਕੈਥਲ ਜ਼ਿਲ੍ਹੇ ਦੇ ਸਹਾਰਨ ਪਿੰਡ ਵਿਚ ਬੁੱਧਵਾਰ ਸ਼ਾਮ ਨੂੰ ਇਕ ਦੁਖਦਾਈ ਘਟਨਾ ਵਾਪਰੀ। ਖੇਡਾਂ ਦੇ ਅਭਿਆਸ ਤੋਂ ਬਾਅਦ ਨਹਾਉਣ ਗਏ ਤਿੰਨ ਮਾਸੂਮ ਚਚੇਰੇ ਭਰਾਵਾਂ ਦੀ ਛੱਪੜ ਵਿਚ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਦਲਦਲੇ ਤਲਾਅ ਵਿਚ ਨਹਾਉਣ ਗਏ ਅਤੇ ਚਿੱਕੜ ਵਿਚ ਫਸ ਗਏ। ਪਿੰਡ ਵਾਸੀਆਂ ਨੇ ਬੱਚਿਆਂ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਅੱਠ ਸਾਲਾ ਨਮਨ, ਅੱਠ ਸਾਲਾ ਵੰਸ਼ ਅਤੇ ਨੌਂ ਸਾਲਾ ਅਕਸ਼ ਵਜੋਂ ਹੋਈ ਹੈ। ਤਿੰਨੋਂ ਚਚੇਰੇ ਭਰਾ ਸਨ ਅਤੇ ਰੋਜ਼ਾਨਾ ਪਿੰਡ ਦੇ ਖੇਡ ਦੇ ਮੈਦਾਨ ਵਿਚ ਦੌੜਨ ਦਾ ਅਭਿਆਸ ਕਰਦੇ ਸਨ। ਬੁੱਧਵਾਰ ਸ਼ਾਮ ਨੂੰ ਲਗਭਗ 7:30 ਵਜੇ ਅਭਿਆਸ ਤੋਂ ਬਾਅਦ, ਉਹ ਨੇੜਲੇ ਛੱਪੜ ਵਿਚ ਨਹਾਉਣ ਗਏ। ਪਰ ਛੱਪੜ ਵਿਚ ਜ਼ਿਆਦਾ ਚਿੱਕੜ ਅਤੇ ਦਲਦਲੀ ਥਾਂ ਹੋਣ ਕਾਰਨ, ਤਿੰਨੋਂ ਉਸ ਵਿਚ ਫਸ ਗਏ ਅਤੇ ਡੁੱਬ ਗਏ।
ਉਸੇ ਸਮੇਂ, ਇਕ 10 ਸਾਲਾ ਬੱਚੀ ਛੱਪੜ ਦੇ ਕੋਲੋਂ ਲੰਘ ਰਹੀ ਸੀ, ਜਿਸ ਨੇ ਬੱਚਿਆਂ ਨੂੰ ਪਾਣੀ ਵਿਚ ਡੁੱਬਦੇ ਹੋਏ ਦੇਖਿਆ। ਉਸਦੇ ਰੌਲਾ ਪਾਉਣ ’ਤੇ ਪਿੰਡ ਵਾਸੀ ਦੌੜੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਤਿੰਨਾਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਤੁਰੰਤ ਕੈਥਲ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਨਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਦੋ ਭੈਣਾਂ ਹਨ। ਵੰਸ਼ ਅਤੇ ਅਕਸ਼ ਵੀ ਆਪਣੇ-ਆਪਣੇ ਪਰਿਵਾਰਾਂ ਵਿਚ ਸਭ ਤੋਂ ਛੋਟੇ ਪੁੱਤਰ ਸਨ। ਤਿੰਨਾਂ ਬੱਚਿਆਂ ਦੇ ਪਿਤਾ ਕਿਸਾਨ ਹਨ ਅਤੇ ਮਾਵਾਂ ਘਰੇਲੂ ਔਰਤਾਂ ਹਨ। ਸਰਪੰਚ ਸੁਦੇਸ਼ ਨੇ ਕਿਹਾ ਕਿ ਇਹ ਪਿੰਡ ਦੇ ਇਤਿਹਾਸ ਦਾ ਸਭ ਤੋਂ ਦੁਖਦਾਈ ਦਿਨ ਸੀ।
ਤੀਤਰਾਮ ਪੁਲਿਸ ਸਟੇਸ਼ਨ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ, ਪਰ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਬੱਚਿਆਂ ਦੀਆਂ ਮਿ੍ਰਤਕਾਂ ਦੇਹਾਂ ਨੂੰ ਹਸਪਤਾਲ ਤੋਂ ਸਿੱਧਾ ਪਿੰਡ ਲਿਜਾਇਆ ਗਿਆ।