ਲੈਂਡ ਪੂਲਿੰਗ ਨੀਤੀ ਖਿਲਾਫ ਭਾਜਪਾ ਆਗੂਆਂ ਦੀ ਅਗਵਾਈ 'ਚ ਜ਼ਿਲ੍ਹਾ ਅਧਿਕਾਰੀਆਂ ਨੂੰ ਦਿੱਤੇ ਮੰਗ-ਪੱਤਰ

ਪਠਾਨਕੋਟ, 9 ਜੁਲਾਈ (ਸੰਧੂ)-ਅੱਜ ਇਸਲਾਮਪੁਰ, ਆਸਾ ਬਾਨੋ ਮੇਰਾ, ਰਾਣੀਪੁਰ, ਝੱਜੇਲੀ, ਮਲਿਕਪੁਰ, ਈ.ਟੀ., ਭਜੂਰਾ, ਚੱਕ ਮਾਧੋਸਿੰਘ ਦੇ ਕਿਸਾਨ ਇਕੱਠੇ ਹੋਏ ਅਤੇ ਪੰਜਾਬ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ, ਜਿਸਨੂੰ ਪੰਜਾਬ ਸਰਕਾਰ ਇਨ੍ਹਾਂ ਪਿੰਡਾਂ ਵਿਚ ਲਾਗੂ ਕਰਨਾ ਚਾਹੁੰਦੀ ਹੈ। ਸੁਜਾਨਪੁਰ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਵਿਜੇ ਸ਼ਰਮਾ, ਪਠਾਨਕੋਟ ਦੇ ਸਾਬਕਾ ਮੇਅਰ ਅਨਿਲ ਵਾਸੂਦੇਵਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪਠਾਨਕੋਟ ਅਤੇ ਐਸ.ਡੀ.ਐਮ. ਪਠਾਨਕੋਟ ਨੂੰ ਮੰਗ-ਪੱਤਰ ਦੇਣ ਆਏ ਕਿਸਾਨਾਂ ਨੇ ਕਿਹਾ ਕਿ ਉਕਤ ਸਾਰੇ ਪਿੰਡ ਜਿਨ੍ਹਾਂ ਦੇ ਨਾਂਅ ਦੱਸੇ ਗਏ ਹਨ, ਨੂੰ ਪੰਜਾਬ ਸਰਕਾਰ ਨੇ ਲੀਚੀ ਜ਼ੋਨ ਘੋਸ਼ਿਤ ਕੀਤਾ ਹੈ।
ਇਹ ਕਿਸਾਨਾਂ ਦੀ ਰੋਜ਼ੀ-ਰੋਟੀ ਹੈ। ਜੇਕਰ ਇਹ ਜ਼ਮੀਨ ਖੋਹ ਲਈ ਜਾਂਦੀ ਹੈ ਤਾਂ ਅਸੀਂ ਕਿੱਥੇ ਜਾਵਾਂਗੇ? ਸੁਜਾਨਪੁਰ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਨਹੀਂ ਹੋਣ ਦੇਵੇਗੀ। ਪੰਜਾਬ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਪਵੇਗੀ ਨਹੀਂ ਤਾਂ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕਰੇਗੀ ਅਤੇ ਧਰਨੇ 'ਤੇ ਬੈਠੇਗੀ ਅਤੇ ਜੋ ਵੀ ਸਖ਼ਤ ਕਦਮ ਚੁੱਕਣੇ ਪੈਣਗੇ, ਭਾਰਤੀ ਜਨਤਾ ਪਾਰਟੀ ਕਿਸਾਨਾਂ ਲਈ ਉਹ ਸਾਰੇ ਕਦਮ ਚੁੱਕੇਗੀ। ਇਸ ਦੌਰਾਨ ਦਿਨੇਸ਼ ਸਿੰਘ ਬੱਬੂ, ਜ਼ਿਲ੍ਹਾ ਪ੍ਰਧਾਨ, ਵਿਜੇ ਸ਼ਰਮਾ, ਅਨਿਲ ਵਾਸੂਦੇਵ ਦੀ ਅਗਵਾਈ ਹੇਠ ਸਾਰੇ ਕਿਸਾਨਾਂ ਨੇ ਏ.ਡੀ.ਸੀ. ਪਠਾਨਕੋਟ ਅਤੇ ਐਸ.ਡੀ.ਐਮ. ਪਠਾਨਕੋਟ ਨੂੰ ਮੰਗ-ਪੱਤਰ ਸੌਂਪਿਆ। ਏ.ਡੀ.ਸੀ. ਪਠਾਨਕੋਟ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਜਰਨੈਲ ਸਿੰਘ, ਬਲਵਿੰਦਰ ਸਿੰਘ ਬਿੱਟੂ, ਸਰਪੰਚ, ਅਮਨ ਵਰਮਾ, ਅਸ਼ੋਕ ਕੁਮਾਰ, ਰਵਿੰਦਰ ਸਿੰਘ, ਸੁਰੇਸ਼ ਕੁਮਾਰ ਆਦਿ ਮੌਜੂਦ ਸਨ।