ਈ.ਡੀ. ਵਲੋਂ ਕਸਬਾ ਚੋਹਲਾ ਸਾਹਿਬ ਦੇ ‘ਆਪ’ ਆਗੂ ਅਤੇ ਟ੍ਰੈਵਲ ਏਜੰਟ ਦੇ ਘਰ ਇਕੋ ਵੇਲੇ ਛਾਪੇਮਾਰੀ

ਤਰਨਤਾਰਨ, 9 ਜੁਲਾਈ (ਇਕਬਾਲ ਸਿੰਘ ਸੋਢੀ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਚੋਹਲਾ ਸਾਹਿਬ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਦੋ ਘਰਾਂ ਵਿਚ ਰੇਡ ਕਰਕੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਤੜਕੇ 6 ਵਜੇ ਦੇ ਕਰੀਬ ਈ.ਡੀ. ਦੀਆਂ ਟੀਮਾਂ, ਜਿਸ ਵਿਚ 10 ਤੋਂ 12 ਮੈਂਬਰ ਦੱਸੇ ਜਾ ਰਹੇ ਹਨ, ਵਲੋਂ ਕਸਬਾ ਚੋਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਅਤੇ ਮੌਜੂਦਾ ਪੰਚਾਇਤ ਮੈਂਬਰ ਦੇ ਪਤੀ ਗੁਰਲਾਲ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਕੀਰਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਚੋਹਲਾ ਸਾਹਿਬ ਦੇ ਘਰ ਇਕੋ ਸਮੇਂ ਰੇਡ ਕਰਕੇ ਘਰਾਂ ਦੇ ਦਰਵਾਜੇ ਬੰਦ ਕਰਕੇ ਪੁਛਗਿੱਛ ਜਾਰੀ ਹੈ।
ਪਤਾ ਲੱਗਾ ਹੈ ਕਿ ਗੁਰਕੀਰਤ ਸਿੰਘ ਉਰਫ਼ ਬਬਲ ਟਰੈਵਲ ਏਜੰਟ ਵਜੋਂ ਕੰਮ ਕਰਦਾ ਹੈ, ਗੁਰਲਾਲ ਸਿੰਘ ਪਿੰਡ ਵਿਚ ਖੇਤੀਬਾੜੀ ਦਾ ਧੰਦਾ ਕਰਨ ਤੋਂ ਇਲਾਵਾ ਸੀਮੈਂਟ ਬਜਰੀ ਦੀ ਦੁਕਾਨ ਕਰਦਾ ਹੈ। ਗੁਰਕੀਰਤ ਸਿੰਘ ਬਬਲ ਇਸੇ ਸਾਲ ਫਰਵਰੀ ਮਹੀਨੇ ਵਿਚ ਯੂ.ਐਸ.ਏ. ਭੇਜਿਆ ਗਿਆ। ਚੋਹਲਾ ਸਾਹਿਬ ਦਾ ਰਹਿਣ ਵਾਲਾ ਇਕ ਲੜਕਾ ਮਨਦੀਪ ਸਿੰਘ ਪੁੱਤਰ ਨਿਹਾਲ ਸਿੰਘ ਡਿਪੋਰਟ ਹੋ ਕੇ ਵਾਪਸ ਆਪਣੇ ਘਰ ਪਰਤਿਆ ਹੈ ਅਤੇ ਇਸ ਰੇਡ ਨੂੰ ਇਸ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਈ.ਡੀ. ਦੀ ਰੇਡ ਮੌਕੇ ਗੁਰਲਾਲ ਸਿੰਘ ਘਰ ਵਿਚ ਹੀ ਮੌਜੂਦ ਸੀ ਅਤੇ ਉਸ ਤੋਂ ਲਗਾਤਾਰ ਪੁੱਛਗਿੱਛ ਜਾਰੀ ਹੈ।
ਜਦ ਕਿ ਦੂਸਰਾ ਨੌਜਵਾਨ ਗੁਰਕੀਰਤ ਸਿੰਘ ਬੱਬਲ, ਜੋ ਟਰੈਵਲ ਏਜੰਟ ਹੈ, ਘਰ ਵਿਚ ਮੌਜੂਦ ਨਾ ਹੋਣ ਕਰਕੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁਛਗਿੱਛ ਕੀਤੀ ਜਾ ਰਹੀ। ਈ.ਡੀ. ਵਲੋਂ ਕੀਤੀ ਗਈ ਇਹ ਰੇਡ ਲਗਭਗ ਸਵੇਰ 6 ਵਜੇ ਤੋਂ ਸ਼ੁਰੂ ਹੋ ਕੇ ਨੌ ਘੰਟੇ ਬੀਤ ਜਾਣ ਬਾਅਦ ਵੀ ਲਗਭਗ 4 ਵਜੇ ਤੱਕ ਜਾਰੀ ਹੈ। ਈ.ਡੀ. ਵੱਲੋਂ ਕੀਤੀ ਗਈ ਇਸ ਰੇਡ ਦੌਰਾਨ ਦੋਵਾਂ ਘਰਾਂ ਦੇ ਦਰਵਾਜ਼ੇ ਅੰਦਰ ਤੋਂ ਬੰਦ ਕਰਕੇ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ।