ਜਲੰਧਰ ਈ.ਡੀ. ਦੀ ਟੀਮ ਨੇ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਹਰਿਆਣਾ ਵਿਚ 11 ਥਾਵਾਂ ’ਤੇ ਛਾਪੇਮਾਰੀ

ਜਲੰਧਰ, 9 ਜੁਲਾਈ- ਈ.ਡੀ. ਜਲੰਧਰ ਜ਼ੋਨਲ ਦਫ਼ਤਰ ਦੀ ਟੀਮ ਫਰਵਰੀ, 2025 ਵਿਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਿਤ ‘ਡੌਂਕੀ ਰੂਟ ਕੇਸ’ ਦੇ ਸੰਬੰਧ ਵਿਚ ਅੰਮ੍ਰਿਤਸਰ, ਸੰਗਰੂਰ, ਪਟਿਆਲਾ, ਮੋਗਾ, ਅੰਬਾਲਾ, ਕੁਰੂਕਸ਼ੇਤਰ ਅਤੇ ਕਰਨਾਲ ਵਿਚ 11 ਥਾਵਾਂ ’ਤੇ ਤਲਾਸ਼ੀ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਪੀ.ਐਮ.ਐਲ.ਏ. ਦੀ ਜਾਂਚ ਪੰਜਾਬ ਅਤੇ ਹਰਿਆਣਾ ਵਿਚ ਪੁਲਿਸ ਅਧਿਕਾਰੀਆਂ ਦੁਆਰਾ ਟ੍ਰੈਵਲ/ਵੀਜ਼ਾ ਏਜੰਟਾਂ ਅਤੇ ਵਿਚੋਲਿਆਂ ਵਿਰੁੱਧ ਦਰਜ 17 ਐਫ਼.ਆਈ.ਆਰ. ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਇੱਛੁਕ ਵੱਖ-ਵੱਖ ਵਿਅਕਤੀਆਂ ਨਾਲ ਧੋਖਾ ਕੀਤਾ ਸੀ।
ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਏਜੰਟ ਵਿਦੇਸ਼ ਜਾਣ ਦੇ ਇੱਛੁਕ ਮਾਸੂਮ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਨ੍ਹਾਂ ਨੂੰ ਕਾਨੂੰਨੀ ਚੈਨਲਾਂ ਅਤੇ ਉਡਾਣਾਂ ਰਾਹੀਂ ਵਿਦੇਸ਼ ਭੇਜਣ ਦਾ ਝੂਠਾ ਵਾਅਦਾ ਕਰਦੇ ਸਨ ਅਤੇ ਉਹ ਉਕਤ ਵਿਅਕਤੀਆਂ ਤੋਂ ਭਾਰੀ ਰਕਮ (ਪ੍ਰਤੀ ਉਮੀਦਵਾਰ ਲਗਭਗ 45-50 ਲੱਖ ਰੁਪਏ) ਵਸੂਲਦੇ ਸਨ। ਹਾਲਾਂਕਿ, ਏਜੰਟ ਮਾਸੂਮ ਵਿਅਕਤੀਆਂ ਨੂੰ ਧੋਖਾ ਦਿੰਦੇ ਸਨ ਕਿਉਂਕਿ ਉਨ੍ਹਾਂ ਨੂੰ ਡੌਂਕਰਜ਼ ਅਤੇ ਮਾਫੀਆ ਦੇ ਪ੍ਰਭਾਵ ਹੇਠ ਗੈਰ-ਕਾਨੂੰਨੀ ਤੌਰ ’ਤੇ ਖਤਰਨਾਕ/ਜੰਗਲੀ ਰਸਤਿਆਂ ਰਾਹੀਂ ਕਈ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਕੇ ਗੈਰ-ਕਾਨੂੰਨੀ ਰਸਤਿਆਂ ਰਾਹੀਂ ਭੇਜਿਆ ਜਾਂਦਾ ਸੀ।
ਇਸ ਤੋਂ ਇਲਾਵਾ, ਡੌਂਕਰਜ਼ ਅਤੇ ਮਾਫੀਆ ਨਾਲ ਮਿਲ ਕੇ ਇਹ ਏਜੰਟ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਜਿਹੀਆਂ ਖਤਰਨਾਕ ਸਥਿਤੀਆਂ ਪੈਦਾ ਕਰਦੇ ਸਨ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਪੈਸੇ ਦੇਣ ਲਈ ਮਜਬੂਰ ਹੋਣਾ ਪੈਂਦਾ ਸੀ। ਈ.ਡੀ. ਦੁਆਰਾ ਕੁਝ ਡਿਪੋਰਟੀਆਂ ਦੇ ਬਿਆਨ ਦਰਜ ਕੀਤੇ ਗਏ ਸਨ ਅਤੇ ਤੱਥਾਂ ਦੀ ਹੋਰ ਜਾਂਚ ਤੋਂ ਬਾਅਦ ਸ਼ੱਕੀਆਂ ਦੇ ਨਾਮ ਸਾਹਮਣੇ ਆਏ ਸਨ, ਜੋ ਅੱਜ ਦੀਆਂ ਤਲਾਸ਼ੀਆਂ ਵਿਚ ਸ਼ਾਮਿਲ ਹਨ।