ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਛੇ ਮਹੀਨੇ ਕੈਦ ਦੀ ਸਜ਼ਾ

ਢਾਕਾ, 2 ਜੁਲਾਈ- ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ਆਈਸੀਟੀ) ਨੇ ਅਦਾਲਤ ਦੀ ਉਲੰਘਣਾ ਦੇ ਮਾਮਲੇ ਵਿਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ-1 ਦੇ ਚੇਅਰਮੈਨ ਜਸਟਿਸ ਮੁਹੰਮਦ ਗੋਲਾਮ ਮੋਰਤੂਜ਼ਾ ਮੋਜ਼ੁਮਦਾਰ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਦੁਆਰਾ ਜਾਰੀ ਕੀਤਾ ਗਿਆ। ਇਸੇ ਫੈਸਲੇ ਵਿਚ, ਟ੍ਰਿਬਿਊਨਲ ਨੇ ਗਾਈਬੰਧਾ ਦੇ ਗੋਬਿੰਦਗੰਜ ਦੇ ਸ਼ਕੀਲ ਅਕੰਦ ਬੁਲਬੁਲ ਨੂੰ ਦੋ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਇਹ ਪਹਿਲੀ ਵਾਰ ਹੈ ਜਦੋਂ 11 ਮਹੀਨੇ ਪਹਿਲਾਂ ਅਹੁਦਾ ਛੱਡਣ ਅਤੇ ਦੇਸ਼ ਛੱਡ ਕੇ ਭੱਜਣ ਤੋਂ ਬਾਅਦ ਕਿਸੇ ਵੀ ਮਾਮਲੇ ਵਿਚ ਬਰਖਾਸਤ ਅਵਾਮੀ ਲੀਗ ਨੇਤਾ ਨੂੰ ਸਜ਼ਾ ਸੁਣਾਈ ਗਈ ਹੈ। ਆਈ.ਟੀ.ਸੀ. ਨੇ ਹਸੀਨਾ ਅਤੇ ਇਕ ਸਥਾਨਕ ਨੇਤਾ ਸ਼ਕੀਲ ਬੁਲਬੁਲ ਵਿਚਕਾਰ ਫ਼ੋਨ ’ਤੇ ਹੋਈ ਗੱਲਬਾਤ ਦੀ ਜਾਂਚ ਕਰਨ ਤੋਂ ਬਾਅਦ ਇਹ ਫੈਸਲਾ ਸੁਣਾਇਆ। ਇਹ ਗੱਲਬਾਤ ਪਿਛਲੇ ਸਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਅਤੇ ਕਈ ਅਖਬਾਰਾਂ ਨੇ ਇਸ ਨੂੰ ਪ੍ਰਕਾਸ਼ਿਤ ਵੀ ਕੀਤਾ ਸੀ। ਇਸ ਕਥਿਤ ਆਡੀਓ ਕਲਿੱਪ ਵਿਚ, ਸ਼ੇਖ ਹਸੀਨਾ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਉਨ੍ਹਾਂ ਵਿਰੁੱਧ 227 ਮਾਮਲੇ ਦਰਜ ਹਨ, ਇਸ ਲਈ ਉਨ੍ਹਾਂ ਨੂੰ 227 ਲੋਕਾਂ ਨੂੰ ਮਾਰਨ ਦਾ ਲਾਇਸੈਂਸ ਮਿਲ ਗਿਆ ਹੈ।