ਯੂਰਪ ਦੀ ਸਭ ਤੋਂ ਉੱਚੀ ਚੋਟੀ ਸਰ ਕਰਨ ਵਾਲੇ 6 ਸਾਲਾ ਕਾਕਾ ਤੇਗ਼ਬੀਰ ਸਿੰਘ ਦਾ ਜਥੇਦਾਰ ਗੜਗੱਜ ਵਲੋਂ ਸਨਮਾਨ

ਅੰਮ੍ਰਿਤਸਰ, 3 ਜੁਲਾਈ (ਜਸਵੰਤ ਸਿੰਘ ਜੱਸ)-ਬੀਤੇ ਦਿਨੀਂ 28 ਜੂਨ ਨੂੰ ਰੂਸ ਅਤੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਲਬ੍ਰਸ ਨੂੰ ਸਰ ਕਰਨ ਵਾਲੇ ਛੇ ਸਾਲਾ ਕਾਕਾ ਤੇਗ਼ਬੀਰ ਸਿੰਘ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਗੁਰੂ ਬਖ਼ਸ਼ਿਸ਼ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਾਕਾ ਤੇਗ਼ਬੀਰ ਸਿੰਘ 5 ਸਾਲ ਦੀ ਉਮਰ ਵਿਚ ਅਪ੍ਰੈਲ 2024 ਵਿਚ ਮਾਊਂਟ ਐਵਰੈਸਟ ਬੇਸ ਕੈਂਪ ਨਿਪਾਲ ਪਹੁੰਚਣ ਵਾਲਾ ਸਭ ਤੋਂ ਛੋਟੀ ਉਮਰ ਦਾ ਬੱਚਾ ਹੈ ਤੇ ਅਗਸਤ 2024 ਮਾਊਂਟ ਕਿਲਿਮੰਜਾਰੋ (ਅਫ਼ਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਭ ਤੋਂ ਘੱਟ ਉਮਰ ਵਿਚ ਸਰ ਕਰਨ ਵਾਲਾ ਭਾਰਤੀ ਤੇ ਏਸ਼ੀਆ ਖੇਤਰ ਦਾ ਬੱਚਾ ਹੈ। ਜਥੇਦਾਰ ਗਿਆਨੀ ਗੜਗੱਜ ਨੇ ਕਿਹਾ ਕਿ ਕਾਕਾ ਤੇਗ਼ਬੀਰ ਸਿੰਘ ਨੇ ਛੋਟੀ ਉਮਰ ਵਿਚ ਉੱਚੀ ਚੋਟੀ ਸਰ ਕਰਕੇ ਸਮੁੱਚੀ ਸਿੱਖ ਕੌਮ ਦਾ ਨਾਮ ਦੇਸ਼ ਦੁਨੀਆ ਅੰਦਰ ਰੋਸ਼ਨ ਕੀਤਾ ਹੈ, ਜੋ ਕਿ ਪ੍ਰੇਰਣਾਸਰੋਤ ਹੈ। ਕਾਕਾ ਤੇਗ਼ਬੀਰ ਸਿੰਘ ਦੇ ਪਿਤਾ ਸੁਖਿੰਦਰ ਦੀਪ ਸਿੰਘ, ਮਾਤਾ ਡਾ. ਮਨਪ੍ਰੀਤ ਕੌਰ, ਭੈਣ ਪਵਿਤਜੋਤ ਕੌਰ, ਨਾਨਾ ਗੁਰਚਰਨ ਸਿੰਘ, ਦਾਦੀ ਨਰਿੰਦਰਜੀਤ ਕੌਰ, ਪੜਨਾਨੀ ਬੀਬੀ ਬਲਵਿੰਦਰ ਕੌਰ ਨੂੰ ਵੀ ਸਿੰਘ ਸਾਹਿਬਾਨ ਵਲੋਂ ਸਕੱਤਰੇਤ ਅਕਾਲ ਤਖ਼ਤ ਸਾਹਿਬ ਵਿਖੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।