ਘਰ ਦੀ ਛੱਤ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ/ਸੰਗਰੂਰ, 29 ਜੂਨ (ਸਰਬਜੀਤ ਸਿੰਘ ਧਾਲੀਵਾਲ) - ਬੀਤੀ ਰਾਤ ਨੇੜਲੇ ਪਿੰਡ ਉੱਪਲੀ ਵਿਖੇ ਅਚਾਨਕ ਇਕ ਘਰ ਦੀ ਛੱਤ ਡਿੱਗਣ ਕਰਕੇ ਵਿਹੜੇ 'ਚ ਸੁੱਤੇ ਪਰਿਵਾਰ 'ਤੇ ਕੰਧ ਡਿੱਗ ਪਈ ਜਿਸ ਕਾਰਨ ਘਰ ਦੇ ਮੁਖੀ ਦੀ ਮੌਤ ਅਤੇ ਉਸ ਦੀ ਪਤਨੀ ਦੇ ਗੰਭੀਰ ਜਖਮੀ ਹੋਣ ਦੀ ਖ਼ਬਰ ਹੈ। ਸਾਬਕਾ ਸਰਪੰਚ ਅਵਤਾਰ ਸਿੰਘ ਲਾਲੀ ਅਤੇ ਸਾਬਕਾ ਚੇਅਰਮੈਨ ਮੇਵਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਇਕ ਵਜੇ ਪਿੰਡ ਉੱਪਲੀ ਵਿਖੇ ਮਹਿੰਦਰ ਸਿੰਘ ਪੁੱਤਰ ਦਲੀਪ ਸਿੰਘ ਦੇ ਘਰ ਦੀ ਕਮਰੇ ਦੀ ਛੱਤ ਡਿੱਗ ਪਈ, ਜਿਸ ਕਾਰਨ ਪਰਿਵਾਰ ਸਮੇਤ ਘਰ ਦੇ ਵਿਹੜੇ 'ਚ ਸੁੱਤੇ ਪਏ ਮਹਿੰਦਰ ਸਿੰਘ ਦੀ ਕੰਧ ਹੇਠਾਂ ਆਉਣ ਕਾਰਨ ਮੌਤ ਹੋ ਗਈ ਜਦੋਂ ਕਿ ਉਸ ਦੀ ਪਤਨੀ ਹਰਦੀਪ ਕੌਰ ਗੰਭੀਰ ਜ਼ਖ਼ਮੀ ਹੋ ਗਈ। ਉਨਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਯੋਗ ਮੁਆਵਜੇ ਦੀ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਮਹਿੰਦਰ ਸਿੰਘ ਬਹੁਤ ਹੀ ਛੋਟਾ ਕਿਸਾਨ ਸੀ ਜੋ ਸਿਰਫ ਦੋ ਤਿੰਨ ਵਿੱਘੇ ਜਮੀਨ ਦਾ ਮਾਲਕ ਸੀ ਅਤੇ ਇਕ ਧਾਰਮਿਕ ਅਦਾਰੇ ਦੀ ਬੱਸ ਦੇ ਚਾਲਕ ਵਜੋਂ ਨੌਕਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ।