ਏਅਰ ਇੰਡੀਆ ਨੇ 8 ਉਡਾਣਾਂ ਕੀਤੀਆਂ ਰੱਦ

ਨਵੀਂ ਦਿੱਲੀ, 20 ਜੂਨ- ਏਅਰ ਇੰਡੀਆ ਨੇ ਅੱਜ 8 ਉਡਾਣਾਂ ਰੱਦ ਕੀਤੀਆਂ ਹਨ। ਇਨ੍ਹਾਂ ਵਿਚ 4 ਅੰਤਰਰਾਸ਼ਟਰੀ ਅਤੇ 4 ਘਰੇਲੂ ਉਡਾਣਾਂ ਸ਼ਾਮਿਲ ਹਨ। ਏਅਰ ਇੰਡੀਆ ਨੇ ਕਿਹਾ ਕਿ ਇਹ ਉਡਾਣਾਂ ਹਵਾਈ ਅੱਡੇ ’ਤੇ ਰੱਖ-ਰਖਾਅ ਅਤੇ ਸੰਚਾਲਨ ਕਾਰਨਾਂ ਕਰਕੇ ਰੱਦ ਕੀਤੀਆਂ ਗਈਆਂ ਹਨ। ਘਰੇਲੂ ਉਡਾਣਾਂ ਵਿਚ, ਪੁਣੇ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ. 874, ਅਹਿਮਦਾਬਾਦ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ.456, ਹੈਦਰਾਬਾਦ ਤੋਂ ਮੁੰਬਈ ਜਾਣ ਵਾਲੀ ਉਡਾਣ ਏ.ਆਈ. 2872 ਅਤੇ ਚੇਨਈ ਤੋਂ ਮੁੰਬਈ ਜਾਣ ਵਾਲੀ ਉਡਾਣ ਏ.ਆਈ.571 ਰੱਦ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਅੰਤਰਰਾਸ਼ਟਰੀ ਉਡਾਣਾਂ ਵਿਚ ਦੁਬਈ ਤੋਂ ਚੇਨਈ ਜਾਣ ਵਾਲੀ ਉਡਾਣ ਏ.ਆਈ.906, ਦਿੱਲੀ ਤੋਂ ਮੈਲਬੌਰਨ ਜਾਣ ਵਾਲੀ ਉਡਾਣ ਏ.ਆਈ.308, ਮੈਲਬੌਰਨ ਤੋਂ ਦਿੱਲੀ ਜਾਣ ਵਾਲੀ ਉਡਾਣ ਏ.ਆਈ.309 ਅਤੇ ਦੁਬਈ ਤੋਂ ਹੈਦਰਾਬਾਦ ਜਾਣ ਵਾਲੀ ਉਡਾਣ ਏ.ਆਈ. 2204 ਸ਼ਾਮਿਲ ਹਨ। ਇਸ ਤਰ੍ਹਾਂ, ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ 9 ਦਿਨਾਂ ਵਿਚ ਵੱਖ-ਵੱਖ ਕਾਰਨਾਂ ਕਰਕੇ 84 ਉਡਾਣਾਂ ਰੱਦ ਕੀਤੀਆਂ ਗਈਆਂ ਹਨ। 12 ਜੂਨ ਨੂੰ ਹੋਏ ਜਹਾਜ਼ ਹਾਦਸੇ ਵਿੱਚ 270 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ, ਹਰ ਹਵਾਈ ਅੱਡੇ ’ਤੇ ਜਹਾਜ਼ਾਂ ਦੀ ਸੰਚਾਲਨ ਜਾਂਚ ਨੂੰ ਸਖ਼ਤ ਕਰ ਦਿੱਤਾ ਗਿਆ ਹੈ।