ਹਿਮਾਚਲ: ਮੀਂਹ ਕਾਰਨ ਕਈ ਥਾਵਾਂ ’ਤੇ ਖਿਸਕੀ ਜ਼ਮੀਨ, ਮੌਸਮ ਵਿਭਾਗ ਵਲੋਂ ਚਿਤਾਵਨੀ ਜਾਰੀ

ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਮੀਂਹ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕ ਗਈ। ਸਥਾਨਕ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ 22, 23, 25 ਅਤੇ 26 ਜੂਨ ਨੂੰ ਦੂਰ-ਦੁਰਾਡੇ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਲਈ ਆਰੇਂਜ ਚਿਤਾਵਨੀ ਜਾਰੀ ਕੀਤੀ ਹੈ। ਜ਼ਮੀਨ ਖਿਸਕਣ ਕਾਰਨ ਧਰਮਸ਼ਾਲਾ-ਚਤਰੋ-ਗੱਗਲ ਸੜਕ ’ਤੇ ਆਵਾਜਾਈ ਰੁਕ ਗਈ ਸੀ ਅਤੇ ਅਧਿਕਾਰੀ ਇਸ ਸਮੇਂ ਸੜਕ ਸਾਫ਼ ਕਰਨ ਦੇ ਕੰਮ ਵਿਚ ਰੁੱਝੇ ਹੋਏ ਹਨ। ਰਾਜ ਵਿਚ ਸਭ ਤੋਂ ਵੱਧ ਬਾਰਿਸ਼ ਨਾਹਨ ਵਿਚ 84.7 ਮਿਲੀਮੀਟਰ ਹੋਈ। ਸੁੰਦਰਨਗਰ, ਸ਼ਿਮਲਾ ਅਤੇ ਕਾਂਗੜਾ ਵਿਚ ਗਰਜ ਨਾਲ ਤੂਫ਼ਾਨ ਆਇਆ ਜਦੋਂ ਕਿ 37 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲੀਆਂ।