ਏਅਰ ਇੰਡੀਆ ਜਹਾਜ਼ ਹਾਦਸਾ : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਕੱਲ੍ਹ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਉੱਚ ਪੱਧਰੀ ਮੀਟਿੰਗ ਦੀ ਕਰਨਗੇ ਪ੍ਰਧਾਨਗੀ

ਨਵੀਂ ਦਿੱਲੀ, 15 ਜੂਨ (ਏਐਨਆਈ) : ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਦੀ ਅਗਵਾਈ ਹੇਠ ਸਿਵਲ ਹਵਾਬਾਜ਼ੀ ਸੁਰੱਖਿਆ 'ਤੇ ਇਕ ਉੱਚ ਪੱਧਰੀ ਕਮੇਟੀ ਕੱਲ੍ਹ ਦੁਪਹਿਰ ਨੂੰ ਮੀਟਿੰਗ ਕਰਨ ਵਾਲੀ ਹੈ । ਸੂਤਰਾਂ ਨੇ ਦੱਸਿਆ ਕਿ ਹਾਲ ਹੀ ਵਿਚ ਹੋਏ ਅਹਿਮਦਾਬਾਦ ਜਹਾਜ਼ ਹਾਦਸੇ ਦੇ ਸੰਬੰਧ ਵਿਚ ਇਹ ਮੀਟਿੰਗ ਬੁਲਾਈ ਜਾ ਰਹੀ ਹੈ। 12 ਜੂਨ ਨੂੰ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਲੰਡਨ ਜਾਣ ਵਾਲਾ ਬੋਇੰਗ 787-8 ਡ੍ਰੀਮਲਾਈਨਰ ਹਾਦਸਾਗ੍ਰਸਤ ਹੋ ਗਿਆ । ਇਸ ਹਾਦਸੇ ਵਿਚ ਸਵਾਰ 242 ਲੋਕਾਂ ਵਿਚੋਂ 241 ਲੋਕਾਂ ਦੀ ਮੌਤ ਹੋ ਗਈ, ਜਿਸ ਵਿਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਿਲ ਸਨ। ਬਚਿਆ ਇਕਲੌਤਾ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ, ਵਿਸ਼ਵਾਸ਼ ਕੁਮਾਰ ਰਮੇਸ਼, ਇਸ ਸਮੇਂ ਆਪਣੀਆਂ ਸੱਟਾਂ ਦਾ ਇਲਾਜ ਕਰਵਾ ਰਿਹਾ ਹੈ। ਜ਼ਮੀਨ 'ਤੇ ਮੌਜੂਦ ਸਥਾਨਕ ਨਿਵਾਸੀਆਂ ਅਤੇ ਐਮ.ਬੀ.ਬੀ.ਐਸ. ਵਿਦਿਆਰਥੀਆਂ ਸਮੇਤ ਘੱਟੋ-ਘੱਟ 33 ਲੋਕਾਂ ਦੀ ਵੀ ਮੌਤ ਹੋ ਗਈ ਹੈ ਕਿਉਂਕਿ ਜਹਾਜ਼ ਹਾਦਸੇ ਤੋਂ ਬਾਅਦ ਹੋਸਟਲ ਨਾਲ ਟਕਰਾ ਗਿਆ। ਇਸ ਤੋਂ ਪਹਿਲਾਂ ਗੁਜਰਾਤ ਦੇ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਨੇ ਕਿਹਾ ਸੀ ਕਿ 45 ਮ੍ਰਿਤਕਾਂ ਦੇ ਡੀ.ਐਨ.ਏ. ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਮਿਲਾਏ ਗਏ ਹਨ, ਅਤੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 274 ਹੈ। ਰਾਜ ਦੇ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ 45 ਡੀ.ਐਨ.ਏ. ਨਮੂਨੇ ਮੇਲ ਖਾਂਦੇ ਹਨ । ਦਿਲ ਦਹਿਲਾ ਦੇਣ ਵਾਲੀ ਘਟਨਾ ਵਿੱਚ ਲਗਭਗ 274 ਲੋਕਾਂ ਦੀ ਜਾਨ ਗਈ ਹੈ ।