ਪੰਜਾਬ ਵਿਚ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ
ਐੱਸ.ਏ.ਐੱਸ. ਨਗਰ, 28 ਅਪ੍ਰੈਲ (ਕਪਿਲ ਵਧਵਾ) – ਪੰਜਾਬ ਵਿਚ ਮਨੁੱਖੀ ਤਸਕਰੀ ਨਾਲ ਜੁੜੇ ਇਕ ਮਾਮਲੇ ਦੀ ਜਾਂਚ ਨੂੰ ਤੇਜ਼ ਕਰਦੇ ਹੋਏ ਪੰਜਾਬ ਸਟੇਟ ਕਰਾਈਮ ਵਲੋਂ ਦਰਜ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਇਸ ਐਸ.ਆਈ.ਟੀ. ਦੀ ਨਿਗਰਾਨੀ ਅੰਮ੍ਰਿਤਸਰ ਕਰਾਈਮ ਜ਼ੋਨ ਦੇ ਇਕ ਏ.ਆਈ.ਜੀ. ਦਰਜੇ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ, ਜਦਕਿ ਟੀਮ ਵਿਚ ਅੰਮ੍ਰਿਤਸਰ ਕਰਾਈਮ ਜ਼ੋਨ ਦਾ ਇਕ ਇੰਸਪੈਕਟਰ ਅਤੇ ਮੁਹਾਲੀ ਸਟੇਟ ਕਰਾਈਮ ਜ਼ੋਨ ਦਾ ਇਕ ਇੰਸਪੈਕਟਰ ਵੀ ਸ਼ਾਮਿਲ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਖੂਫੀਆ ਏਜੰਸੀ ਵਲੋਂ 24 ਮਾਰਚ 2026 ਨੂੰ ਪੰਜਾਬ ਪੁਲਿਸ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ’ਤੇ ਇਹ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 21 ਅਪ੍ਰੈਲ ਨੂੰ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਟੇਟ ਕਰਾਈਮ ਨੂੰ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਗਏ, ਜਿਸ ਉਪਰੰਤ ਪੰਜਾਬ ਸਟੇਟ ਸਾਈਬਰ ਕਰਾਈਮ ਵਲੋਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ ਗਈ।ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਨਵਰੀ 2026 ਵਿਚ ਅੰਮ੍ਰਿਤਸਰ ਹਵਾਈ ਅੱਡੇ ਤੋਂ 14 ਭਾਰਤੀਆਂ ਨੂੰ ਬਿਨਾਂ ਵੈਧ ਵੀਜ਼ਾ ਦੇ ਯੂਕੇ ਭੇਜਿਆ ਗਿਆ ਸੀ। ਉੱਥੇ ਪਹੁੰਚਣ ਉਪਰੰਤ ਉਨ੍ਹਾਂ ਨੇ ਸ਼ਰਨ ਦੀ ਅਰਜ਼ੀ ਦਿੱਤੀ, ਜਿਸ ਕਾਰਨ ਇਹ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ। ਖੁਫੀਆ ਏਜੰਸੀ ਨੇ ਇਸ ਨੂੰ ਮਨੁੱਖੀ ਤਸਕਰੀ ਨਾਲ ਜੁੜਿਆ ਮਾਮਲਾ ਮੰਨਦੇ ਹੋਏ ਵਿਸਥਾਰਪੂਰਵਕ ਜਾਂਚ ਦੀ ਸਿਫਾਰਸ਼ ਕੀਤੀ ਸੀ।
ਇਸ ਮਾਮਲੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 143(3) ਅਤੇ ਪੰਜਾਬ ਪ੍ਰਿਵੇਂਸ਼ਨ ਆਫ ਹਿਊਮਨ ਸਮੱਗਲਿੰਗ ਐਕਟ 2012 ਦੀ ਧਾਰਾ 13(1) ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਦੌਰਾਨ ਫਲਾਈਟ ਸਟਾਫ, ਟਰੈਵਲ ਏਜੰਟ ਜਾਂ ਹੋਰ ਕਿਸੇ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;