ਪੰਜਾਬ ਵਿਚ ਅੱਜ ਕਈ ਥਾਵਾਂ 'ਤੇ ਤੇਜ਼ ਮੀਂਹ, ਗੜ੍ਹੇਮਾਰੀ ਵੀ ਹੋਈ
ਚੰਡੀਗੜ੍ਹ, ਅਪ੍ਰੈਲ- ਪੰਜਾਬ ਵਿਚ ਅੱਜ ਕਈ ਥਾਵਾਂ ਉਤੇ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਕਈ ਥਾਵਾਂ ਉਤੇ ਤਾਂ ਗੜ੍ਹੇਮਾਰੀ ਵੀ ਹੋਈ। ਜਲੰਧਰ ਵਿਚ ਵੀ ਮੌਸਮ ਨੇ ਕਰਵਟ ਲੈ ਲਈ ਹੈ; ਅਸਮਾਨ ਵਿਚ ਕਾਲੇ ਬੱਦਲ ਛਾਏ ਹੋਏ ਹਨ, ਅਤੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਸ਼ਹਿਰ ਵਿਚ ਪੈ ਰਿਹਾ ਹੈ। ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ। ਪਿਛਲੇ ਅੱਧੇ ਘੰਟੇ ਤੋਂ ਲਗਾਤਾਰ ਮੀਂਹ ਅਤੇ ਗੜੇਮਾਰੀ ਹੋ ਰਹੀ ਹੈ; ਲੋਕਾਂ ਨੇ ਭਾਰੀ ਮੀਂਹ ਤੋਂ ਬਚਣ ਲਈ ਦੁਕਾਨਾਂ ਵਿੱਚ ਪਨਾਹ ਲਈ ਹੈ, ਅਤੇ ਗਲੀਆਂ ਪਾਣੀ ਨਾਲ ਭਰ ਗਈਆਂ ਹਨ।
ਜਲੰਧਰ ਤੋਂ ਇਲਾਵਾ ਫਿਰੋਜ਼ਪੁਰ ਦੇ ਮੱਖੂ ਤੇ ਅੰਮ੍ਰਿਤਸਰ ਵਿਚ ਵੀ ਮੀਂਹ ਦੇ ਨਾਲ ਗੜ੍ਹੇਮਾਰੀ ਹੋਣ ਤੇ ਤੇਜ਼ ਹਵਾਵਾਂ ਚੱਲਣ ਦਾ ਸਮਾਚਾਰ ਹੈ। ਤੇਜ਼ ਹਵਾਵਾਂ ਨਾਲ ਮਾਲਵਾ ਸਾਈਡ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਣਕ ਦੀ ਫਸਲ ਪੂਰੀ ਤਰ੍ਹਾਂ ਵਿਛ ਗਈ ਹੈ। ਜਿਸ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਮੰਡੀਆਂ ਵਿਚ ਵੀ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਮੁਕਤਸਰ ਸਾਹਿਬ, (ਬੂਟਾ ਸਿੰਘ)-ਮੁਕਤਸਰ ਸਾਹਿਬ ਅਤੇ ਬਠਿੰਡਾ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਵੀ ਅੱਜ ਅਚਾਨਕ ਮੌਸਮ ਦੇ ਬਦਲਾਅ ਨਾਲ ਭਾਰੀ ਗੜ੍ਹੇਮਾਰੀ ਹੋਣ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਖਾਸ ਕਰਕੇ ਕੋਟਲੀ ਅਬਲੂ ਪਿੰਡ ਵਿਚ ਭਿਆਨਕ ਗੜ੍ਹੇਮਾਰੀ ਦੇ ਦ੍ਰਿਸ਼ ਦੇਖਣ ਨੂੰ ਮਿਲੇ, ਜਿੱਥੇ ਕੁਝ ਮਿੰਟਾਂ ਵਿਚ ਹੀ ਖੇਤਾਂ ਵਿਚ ਖੜ੍ਹੀਆਂ ਫਸਲਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਅਬਲੂ, ਵਾੜਾ ਕ੍ਰਿਸ਼ਨਪੁਰਾ ਅਤੇ ਭਲਾਈਆਣਾ ਪਿੰਡਾਂ ਵਿਚ ਵੀ ਕਣਕ ਅਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਾਇਆ। ਕਈ ਥਾਈਂ ਗੜ੍ਹੇ ਇੰਨੇ ਵੱਡੇ ਸਨ ਕਿ ਖੇਤਾਂ ਵਿਚ ਪੱਕੀ ਖੜ੍ਹੀ ਫਸਲ ਥੱਲੇ ਵਿਛ ਗਈ
ਇਸ ਅਚਾਨਕ ਆਈ ਕੁਦਰਤੀ ਆਫ਼ਤ ਨਾਲ ਕਿਸਾਨਾਂ ਵਿਚ ਚਿੰਤਾ ਦਾ ਮਾਹੌਲ ਬਣ ਗਿਆ ਹੈ, ਕਿਉਂਕਿ ਕਟਾਈ ਦੇ ਸਮੇਂ ਦੇ ਨੇੜੇ ਫਸਲਾਂ ਦਾ ਨੁਕਸਾਨ ਹੋਣ ਨਾਲ ਉਨਾਂ ਦੀ ਮਿਹਨਤ ‘ਤੇ ਪਾਣੀ ਫੇਰ ਗਿਆ ਹੈ।
ਚੋਗਾਵਾਂ/ਅੰਮ੍ਰਿਤਸਰ,(ਗੁਰਵਿੰਦਰ ਸਿੰਘ ਕਲਸੀ)-ਅੰਮ੍ਰਿਤਸਰ ਨਾਲ ਲੱਗਦੀ ਬਾਰਡਰ ਬੈਲਟ ਦੇ ਸਰਹੱਦੀ ਪਿੰਡ ਕੱਕੜ, ਮੰਜ, ਰਾਣੀਆਂ ਵਿਚ ਅੱਜ ਤੇਜ਼ ਬਾਰਿਸ਼ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਕਾਫੀ ਵਧਾ ਦਿੱਤਾ ਹੈ। ਹੋਰਨਾਂ ਕਈ ਇਲਾਕਿਆਂ ਵਿਚ ਗੜ੍ਹੇਮਾਰੀ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਹਨ, ਜਿਸ ਨਾਲ ਫ਼ਸਲਾਂ ਨੂੰ ਹੋਰ ਵੀ ਨੁਕਸਾਨ ਪਹੁੰਚਣ ਦਾ ਡਰ ਬਣ ਗਿਆ ਹੈ । ਇਸ ਸਮੇਂ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕਟਾਈ ਲਈ ਤਿਆਰ ਖੜ੍ਹੀ ਹੈ, ਪਰ ਅਚਾਨਕ ਆਏ ਮੌਸਮੀ ਬਦਲਾਅ ਨੇ ਕਿਸਾਨਾਂ ਦੇ ਸਾਹ ਰੋਕ ਦਿੱਤੇ ਹਨ | ਤੇਜ਼ ਹਵਾ ਅਤੇ ਮੀਂਹ ਕਾਰਨ ਉਪਜ ਘਟਣ ਦਾ ਖ਼ਤਰਾ ਬਣ ਗਿਆ ਹੈ।
;
;
;
;
;
;
;
;