ਫਾਜ਼ਿਲਕਾ ’ਚ ਵਿਕਾਸ ਦੀਆਂ ਸੌਗਾਤਾਂ, ਸਰਹੱਦੀ ਪਿੰਡਾਂ ਤੱਕ ਪਹੁੰਚਿਆ ਪਾਣੀ : ਸੀਐਮ ਮਾਨ
ਫਾਜ਼ਿਲਕਾ, 2 ਅਪ੍ਰੈਲ (ਪ੍ਰਦੀਪ ਕੁਮਾਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਾਜ਼ਿਲਕਾ ਹਲਕੇ ’ਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਸਰਹੱਦੀ ਇਲਾਕਿਆਂ ’ਚ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਇਕ ਵੱਡੀ ਰੈਲੀ ’ਚ ਸ਼ਾਮਿਲ ਹੋਏ ਇਕੱਠ ਨੂੰ ਸੰਬੋਧਨ ਕੀਤਾ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ, ਵਿਧਾਇਕ ਅਮਨਦੀਪ ਗੋਲਡੀ ਮੁਸਾਫ਼ਰ ਸਣੇ ਆਮ ਆਦਮੀ ਪਾਰਟੀ ਦੀ ਲੀਡਸ਼ਿਪ ਮੌਜੂਦ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜ ਸਰਕਾਰ ਦਾ ਮੁੱਖ ਧਿਆਨ ਸਿੱਖਿਆ, ਰੋਜ਼ਗਾਰ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ ਅਤੇ ਇਸੇ ਦਿਸ਼ਾ ’ਚ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸਰਹੱਦੀ ਪਿੰਡਾਂ ਵਿੱਚ 2 ਕਰੋੜ 45 ਲੱਖ ਰੁਪਏ ਦੀ ਲਾਗਤ ਨਾਲ ਅੰਡਰਗ੍ਰਾਊਂਡ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਵਿਚ ਵੱਡੀ ਰਾਹਤ ਮਿਲੀ ਹੈ। ਇਸ ਤੋਂ ਇਲਾਵਾ 31 ਲੱਖ ਪਰਿਵਾਰਾਂ ਲਈ ਬੀਮਾ ਕਾਰਡ ਮਨਜ਼ੂਰ ਕੀਤੇ ਗਏ ਹਨ, ਜਿਨ੍ਹਾਂ 'ਤੇ 10 ਲੱਖ ਰੁਪਏ ਤੱਕ ਦਾ ਕਵਰੇਜ ਮਿਲੇਗਾ।ਸੀਐਮ ਨੇ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਫਾਜ਼ਿਲਕਾ ਆਏ ਸਨ, ਤਾਂ ਉਨ੍ਹਾਂ ਵਾਅਦਾ ਕੀਤਾ ਸੀ ਕਿ ਪਾਣੀ ਟੇਲਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਅੱਜ ਇਹ ਵਾਅਦਾ ਪੂਰਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਧੂਕਾ ਮਾਈਨਰ ਨੂੰ ਵੀ ਜਲਦ ਚਾਲੂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਨਹਿਰਾਂ ਲੀਡਰਾਂ ਦੇ ਖੇਤਾਂ 'ਤੇ ਹੀ ਖਤਮ ਹੋ ਜਾਂਦੀਆਂ ਸਨ, ਪਰ ਹੁਣ ਪ੍ਰਣਾਲੀ ਪਾਰਦਰਸ਼ੀ ਬਣ ਗਈ ਹੈਅਤੇ ਲੋਕਾਂ ਨੂੰ ਪੂਰਾ ਪਾਣੀ ਮਿਲ ਰਿਹਾ ਹੈ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਇਕ ਭਾਵੁਕ ਘਟਨਾ ਵੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਦੋਨਾ ਨਾਨਕਾ ਪਿੰਡ ਦੀ ਪੰਜਵੀਂ ਕਲਾਸ ਦੀ ਇੱਕ ਹੋਣਹਾਰ ਬੱਚੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਸੀ, ਜਿਸ ਨੂੰ ਉਨ੍ਹਾਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਪੜ੍ਹਾਈ ਲਈ ਸਪਾਂਸਰ ਕਰਵਾਇਆ। ਅੱਜ ਉਹੀ ਸਤਨਾਮ ਕੌਰ ਵੈਟਰਨਰੀ ਡਾਕਟਰ ਬਣ ਚੁੱਕੀ ਹੈ। ਪ੍ਰੋਗਰਾਮ ਦੌਰਾਨ ਸਤਨਾਮ ਕੌਰ ਮੰਚ 'ਤੇ ਵੀ ਪਹੁੰਚੀ, ਜਿਸ 'ਤੇ ਪੂਰੇ ਪੰਡਾਲ ਵਿਚ ਤਾਲੀਆਂ ਦੀ ਗੂੰਜ ਸੁਣਾਈ ਦਿੱਤੀ।
;
;
;
;
;
;
;
;