JALANDHAR WEATHER

‘ਆਪ’ ਵਾਲੇ ਸਾਡੇ ਵਲੋਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਆਪਣੀਆਂ ਦੱਸੀ ਜਾ ਰਹੇ- ਸੁਖਬੀਰ ਸਿੰਘ ਬਾਦਲ

ਗੁਰਦਾਸਪੁਰ/ਚੰਡੀਗੜ੍ਹ, 28 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪੰਜਾਬ ਵਿਚ ਅਕਾਲੀ ਦਲ ਦੀਆਂ ਸਰਕਾਰਾਂ ਵਲੋ਼ਂ ਸ਼ੁਰੂ ਕੀਤੀਆਂ ਸਕੀਮਾਂ ਨੂੰ ਆਪਣੀਆਂ ਸਕੀਮਾਂ ਦੱਸ ਕੇ ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਧੋਖਾ ਕਰਨ ਦਾ ਯਤਨ ਕਰ ਰਹੀ ਹੈ।

ਇਥੇ ਪਾਰਟੀ ਦੇ ਸੀਨੀਅਰ ਆਗੂ ਸ. ਗੁਰਬਚਨ ਸਿੰਘ ਬੱਬੇਹਾਲੀ ਨਾਲ ਰਲ ਕੇ ਪੰਜਾਬ ਬਚਾਓ ਮੁਹਿੰਮ ਤਹਿਤ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬੀਤੇ ਕੱਲ੍ਹ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਆਪ ਸਰਕਾਰ ਨੇ ਪੰਜਾਬ ਵਿਚ ਹਰ 4 ਕਿਲੋਮੀਟਰ ’ਤੇ ਮੰਡੀ ਸਥਾਪਿਤ ਕੀਤੀ ਹੈ ਅਤੇ ਇਹੀ ਉਹ ਗੁਜਰਾਤ ਵਿਚ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਝੂਠ ਦਾ ਸਿਰਾ ਹੀ ਲਗਾ ਦਿੱਤਾ ਜਦੋਂ ਦਾਅਵਾ ਕੀਤਾ ਕਿ ਆਪ ਉਸੇ ਤਰੀਕੇ ਗੁਜਰਾਤ ’ਚ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਮੁਫਤ ਬਿਜਲੀ ਦੇਵੇਗੀ, ਜਿਵੇਂ ਪੰਜਾਬ ’ਚ ਪਾਰਟੀ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਇਹ ਵੀ ਐਲਾਨ ਕਰ ਰਹੇ ਹਨ ਕਿ ਪੰਜਾਬ ’ਚ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣਾ ਸ਼ੁਰੂ ਕੀਤਾ ਗਿਆ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਹਾਲੇ ਤੱਕ ਇਹ ਸਕੀਮ ਸ਼ੁਰੂ ਵੀ ਨਹੀਂ ਕੀਤੀ ਗਈ।

ਸ. ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਧੋਖਾ ਹੁਣ ਗੁਜਰਾਤ ਅਤੇ ਪੰਜਾਬ ਵਿਚ ਆਪ ਨੂੰ ਲਾਹਾ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਮਹਿਸੂਸ ਕਰ ਲਿਆ ਹੈ ਕਿ ਇਹ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ’ਤੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਦੀ ਹੈ ਪਰ ਜ਼ਮੀਨੀ ਪੱਧਰ ’ਤੇ ਕੁਝ ਵੀ ਨਹੀਂ ਕਰਦੀ। ਸ. ਬਾਦਲ ਨੇ ਸਰਕਾਰ ਵਲੋਂ ਮਿਲਕਫੈਡ ਵੇਰਕਾ ਪਾਊਡਰ ਘੁਟਾਲੇ ’ਚ ਜੂਨੀਅਰ ਅਫਸਰਾਂ ਦੇ ਖਿਲਾਫ ਕਾਰਵਾਈ ਕਰਕੇ ਮਾਮਲੇ ’ਤੇ ਪਰਦਾ ਪਾਉਣ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਭਾਰਤੀ ਫੌਜ ਵਲੋਂ ਮਿਲਕਫੈਡ ਵਲੋਂ ਸਪਲਾਈ ਕੀਤੇ ਦੁੱਧ ਪਾਊਡਰ ਨੂੰ ਰੱਦ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਮੌਕੇ ਸੁੱਚਾ ਸਿੰਘ ਲੰਗਾਹ, ਡਾ. ਦਲਜੀਤ ਸਿੰਘ ਚੀਮਾ, ਲਖਬੀਰ ਸਿੰਘ ਲੋਧੀਨੰਗਲ, ਗੁਰਇਕਬਾਲ ਸਿੰਘ ਮਾਹਲ ਤੇ ਰਾਜਬੀਰ ਘੁੰਮਣ ਵੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ