JALANDHAR WEATHER

ਚੰਡੀਗੜ੍ਹ ’ਚ ਏਅਰ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ- ਡੀ.ਸੀ.

ਚੰਡੀਗੜ੍ਹ, 26 ਮਾਰਚ (ਸੰਦੀਪ ਕੁਮਾਰ ਮਾਹਨਾ) - ਸੁਖਨਾ ਝੀਲ ‘ਤੇ 27 ਅਤੇ 28 ਮਾਰਚ ਨੂੰ ਹੋਣ ਵਾਲੇ ਏਅਰ ਸ਼ੋਅ ਨੂੰ ਲੈ ਕੇ ਯੂ.ਟੀ. ਪ੍ਰਸ਼ਾਸਨ ਵਲੋਂ ਜ਼ਮੀਨੀ ਪੱਧਰ ‘ਤੇ ਕੜੀ ਸੁਰੱਖਿਆ ਅਤੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ। ਇਸ ਦੀ ਜਾਣਕਾਰੀ ਚੰਡੀਗੜ੍ਹ ਦੇ ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੋ ਦਿਨਾਂ ਸਮਾਗਮ ਵਿਚ 27 ਮਾਰਚ ਨੂੰ ਯੂ.ਟੀ. ਪ੍ਰਸ਼ਾਸਨ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਜਦਕਿ 28 ਮਾਰਚ ਨੂੰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਏਅਰ ਸ਼ੋਅ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਲਗਭਗ 10 ਹਜ਼ਾਰ ਲੋਕਾਂ ਲਈ ਬੈਠਕ ਦੀ ਵਿਵਸਥਾ ਕੀਤੀ ਗਈ ਹੈ। ਸਮਾਗਮ ਵਾਲੀ ਜਗ੍ਹਾ ‘ਤੇ ਦਾਖਲਾ ਸਿਰਫ਼ ਟਿਕਟ ਹੋਲਡਰਾਂ ਲਈ ਹੀ ਹੋਵੇਗਾ ਅਤੇ ਉਨ੍ਹਾਂ ਨੂੰ ਰਿਸਟ ਬੈਂਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ‘ਤੇ ਬੈਠਣ ਲਈ ਨਿਰਧਾਰਤ ਜ਼ੋਨ ਦਰਜ ਹੋਵੇਗਾ।

ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਸ਼ਹਿਰ ਨੂੰ 7 ਜ਼ੋਨਾਂ ਵਿਚ ਵੰਡਿਆ ਗਿਆ ਹੈ ਅਤੇ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀ ਟੀ ਯੂ) ਦੀਆਂ ਕਰੀਬ 300 ਬੱਸਾਂ ਚਲਾਈਆਂ ਜਾਣਗੀਆਂ। ਨਿੱਜੀ ਵਾਹਨਾਂ ਨੂੰ ਸਮਾਗਮ ਸਥਾਨ ਤੱਕ ਜਾਣ ਦੀ ਆਗਿਆ ਨਹੀਂ ਹੋਵੇਗੀ। ਵਾਕ-ਇਨ ਟਿਕਟ ਹੋਲਡਰਾਂ ਲਈ 2 ਤੋਂ 3 ਕਾਊਂਟਰ ਵੀ ਲਗਾਏ ਜਾਣਗੇ।

ਸੁਰੱਖਿਆ ਦੇ ਮੱਦੇਨਜ਼ਰ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਮਾਗਮ ਵਿਚ ਆਉਣ ਦੀ ਮਨਾਹੀ ਰਹੇਗੀ। ਇਸ ਤੋਂ ਇਲਾਵਾ ਸਿਰਫ਼ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਹੀ ਅੰਦਰ ਲਿਜਾਣ ਦੀ ਆਗਿਆ ਹੋਵੇਗੀ। ਏਅਰ ਸ਼ੋ ਕਾਰਨ ਸੁਖਨਾ ਝੀਲ ਨੂੰ ਦੋ ਦਿਨਾਂ ਲਈ ਆਮ ਜਨਤਾ ਵਾਸਤੇ ਬੰਦ ਰੱਖਿਆ ਜਾਵੇਗਾ।

ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਐਨ. ਡੀ. ਆਰ. ਐਫ. ਦੀਆਂ ਟੀਮਾਂ, ਲਾਈਫ ਜੈਕਟਸ ਅਤੇ ਹੋਰ ਜ਼ਰੂਰੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ 600 ਸਕੂਲੀ ਵਿਦਿਆਰਥੀਆਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਉਹ ਸੁਰੱਖਿਅਤ ਢੰਗ ਨਾਲ ਏਅਰ ਸ਼ੋਅ ਦਾ ਆਨੰਦ ਲੈ ਸਕਣ।

ਸਮਾਗਮ ਵਾਲੀ ਜਗ੍ਹਾ ‘ਤੇ ਪਾਣੀ ਅਤੇ ਬਾਥਰੂਮ ਦੀ ਵਿਆਪਕ ਵਿਵਸਥਾ ਕੀਤੀ ਗਈ ਹੈ। ਮੀਡੀਆ ਕਵਰੇਜ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਕਰੀਬ 150 ਮੀਡੀਆ ਕਰਮਚਾਰੀਆਂ ਲਈ 2 ਬੱਸਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਦੇ ਨਾਲ ਹੀ ਸਮਾਗਮ ਦੀ ਲਾਈਵ ਸਟ੍ਰੀਮਿੰਗ ਯੂਟਿਊਬ ਰਾਹੀਂ ਵੀ ਕੀਤੀ ਜਾਵੇਗੀ।

ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਅਸਥਾਈ ਰੂਟ ਡਾਈਵਰਸ਼ਨ ਲਾਗੂ ਕੀਤੇ ਗਏ ਹਨ ਅਤੇ ਸੁਰੱਖਿਆ ਲਈ ਪੁਲਿਸ, ਅੱਗ ਬੁਝਾਉ ਦਲ ਅਤੇ ਹੋਰ ਸੁਰੱਖਿਆ ਕਰਮਚਾਰੀ ਮੌਕੇ ‘ਤੇ ਤਾਇਨਾਤ ਰਹਿਣਗੇ। ਲੋਕਾਂ ਦੀ ਸਹੂਲਤ ਲਈ ‘ਲੋਸਟ ਐਂਡ ਫਾਊਂਡ’ ਸੈਂਟਰ ਵੀ ਬਣਾਇਆ ਜਾਵੇਗਾ।

ਪ੍ਰਸ਼ਾਸਨ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਸਮੇਂ ਸਿਰ ਪਹੁੰਚ ਕੇ ਇਸ ਵਿਲੱਖਣ ਏਅਰ ਸ਼ੋਅ ਦਾ ਅਨੰਦ ਮਾਨਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ