ਕਾਰ ਅਤੇ ਮੋਟਰਸਾਈਕਲ ਦੀ ਟੱਕਰ 'ਚ 2 ਦੀ ਮੌਤ, ਇਕ ਗੰਭੀਰ ਜ਼ਖ਼ਮੀ
ਲੰਬੀ, 25 ਮਾਰਚ (ਮੇਵਾ ਸਿੰਘ)-ਪਿੰਡ ਅਬੁੱਲਖੁਰਾਣਾ ਤੇ ਮਾਹੂਆਣਾ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਨੇੜੇ ਇਕ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਨੌਜਵਾਨਾਂ 'ਚੋਂ 2 ਦੀ ਦੁਖਦਾਈ ਮੌਤ ਹੋਣ ਦਾ ਪਤਾ ਚੱਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਮਲੋਟ ਵਾਲੀ ਸਾਈਡ ਤੋਂ ਟੋਲ ਪਲਾਜ਼ਾ ਲੰਘ ਕੇ ਪਿੰਡ ਮਾਹੂਆਣਾ ਤੋਂ ਪਹਿਲਾਂ ਨੈਸ਼ਨਲ ਹਾਈਵੇਅ ਨੰਬਰ 9 'ਤੇ ਪੈਂਦੇ ਕੱਟ ਤੋਂ ਜਦੋਂ ਲੰਘਣ ਲੱਗੇ ਤਾਂ ਡੱਬਵਾਲੀ ਸਾਈਡ ਤੋਂ ਆ ਰਹੀ ਇਕ ਕਾਰ ਨਾਲ ਇਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਮੌਕੇ 'ਤੇ ਦੇਖਣ ਵਾਲਿਆਂ ਅਨੁਸਾਰ ਟੱਕਰ ਐਨੀ ਜ਼ਿਆਦਾ ਖ਼ਤਰਨਾਕ ਸੀ ਕਿ ਮੋਟਰਸਾਈਕਲ ਦੀ ਟੈਂਕੀ ਫਟ ਕੇ ਉਸ ਨੂੰ ਅੱਗ ਲੱਗ ਗਈ, ਜਿਸ ਦੇ ਫਲਸਰੂਪ ਇਕ ਨੌਜਵਾਨ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਹਾਦਸੇ ਤੋਂ ਬਾਅਦ ਤਿੰਨੇ ਨੌਜਵਾਨਾਂ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਧਰਮਿੰਦਰ ਸਿੰਘ ਪਿੰਡ ਮਾਹੂਆਣਾ ਤੇ ਰਵੀ ਕਾਕਾ ਪਿੰਡ ਖੁੱਡੀਆਂ ਦੀ ਮੌਤ ਹੋਣ ਦੀ ਜਾਣਕਾਰੀ ਮਿਲ ਰਹੀ ਹੈ, ਜਦੋਂ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਨਾਲ ਤੀਜੇ ਨੌਜਵਾਨ ਦੀ ਹਾਲਤ ਵੀ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ। ਜਦ ਇਸ ਸੜਕ ਹਾਦਸੇ ਸੰਬੰਧੀ ਥਾਣਾ ਲੰਬੀ ਦੇ ਇਕ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਿੰਨਾਂ ਨੌਜਵਾਨਾਂ ਦੇ ਪਰਿਵਾਰਾਂ ਦੀ ਉਡੀਕ ਕੀਤੀ ਜਾ ਰਹੀ, ਉਹ ਜੋ ਵੀ ਬਿਆਨ ਲਿਖਾਉਣਗੇ, ਉਸ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
;
;
;
;
;
;
;
;
;