JALANDHAR WEATHER

ਸੰਤ ਸੀਚੇਵਾਲ ਨੇ ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਦੀ ਕੀਤੀ ਮੰਗ

ਸੁਲਤਾਨਪੁਰ ਲੋਧੀ,18 ਮਾਰਚ (ਥਿੰਦ) - ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੇਸ਼ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਰੱਖਦਿਆ ਇਸ ਬਾਰੇ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਸੰਤ ਸੀਚੇਵਾਲ ਵਲੋਂ ਰੱਖੇ ਗਏ ਸਪੈਸ਼ਲ ਮੈਨਸ਼ਨ ( ਵਿਸ਼ੇਸ਼ ਕਥਨ) ਨੂੰ ਰਾਜ ਸਭਾ ਹਾਊਸ ਵਲੋਂ ਸਵੀਕਾਰ ਕਰ ਲਿਆ ਗਿਆ । ਸੰਤ ਸੀਚੇਵਾਲ ਨੇ ਸਪੈਸ਼ਲ ਮੈਨਸ਼ਨ ਵਿਚ 40 ਸਾਲ ਪਹਿਲਾਂ ਨਕੋਦਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਲੈ ਕੇ ਬਰਗਾੜੀ ਤੱਕ ਹੋਈਆਂ ਬੇਅਦਬੀਆਂ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ। ਸੰਤ ਸੀਚੇਵਾਲ ਨੇ ਇਸ ਮੁੱਦੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੀਤਾ, ਕੁਰਾਨ ਅਤੇ ਹੋਰ ਧਾਰਮਿਕ ਗ੍ਰੰਥਾਂ ਦੇ ਪੰਨ੍ਹਿਆਂ ਦੀ ਜਿਸ ਤਰ੍ਹਾਂ ਨਾਲ ਬੇਅਦਬੀ ਕੀਤੀ ਗਈ ਉਹ ਬਹੁਤ ਹੀ ਦੁਖਦਾਇਕ ਹੈ। ਇਸ ਨਾਲ ਸਾਰਿਆਂ ਦੇ ਹਿਰਦੇ ਵਾਲੂੰਧਰੇ ਜਾਂਦੇ ਹਨ ਅਤੇ ਪੰਜਾਬ ਵਿਚ ਬਦਅਮਨੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਾਰਨ ਇਸ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਕਿ ਇੱਥੇ ਕਿਸੇ ਵੀ ਧਿਰ ਨੂੰ ਹਲਾਤ ਖਰਾਬ ਕਰਨ ਦਾ ਮੌਕਾ ਨਾ ਮਿਲੇ।


ਸੰਤ ਸੀਚੇਵਾਲ ਨੇ ਹਾਊਸ ਨੂੰ ਦੱਸਿਆ ਕਿ 40 ਸਾਲ ਪਹਿਲਾਂ 2 ਫਰਵਰੀ 1986 ਵਿਚ ਵਾਪਰੇ ਨਕੋਦਰ ਬੇਅਦਬੀ ਕਾਂਡ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 5 ਸਰੂਪ ਅਗਨ ਭੇਂਟ ਹੋ ਗਏ ਸਨ। ਉਸ ਵੇਲੇ ਰੋਸ ਪ੍ਰਗਟਾ ਰਹੇ ਸਿੱਖ ਸੰਗਤ ’ਤੇ ਪੁਲੀਸ ਵਲੋਂ ਚਲਾਈਆਂ ਗੋਲੀਆਂ ਕਾਰਨ 4 ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ ਤੇ ਬਰਗਾੜੀ ਵਿਚ ਹੋਈ ਬੇਅਦਬੀ ਦੌਰਾਨ ਵੀ 2 ਸਿੱਖ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।ਸੰਤ ਸੀਚੇਵਾਲ ਨੇ ਕਿਹਾ ਕਿ ਧਾਰਮਿਕ ਗ੍ਰੰਥ ਸਿਰਫ਼ ਕਿਤਾਬਾਂ ਨਹੀਂ ਹੁੰਦੀਆਂ ਸਗੋਂ ਸਮਾਜ ਲਈ ਰਾਹ ਦਸੇਰਾ ਹੁੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਜਿਊਂਦੀ ਜਾਗਦੀ ਜੋਤ ਹੈ, ਜੋ ਲੋਕਾਈ ਦਾ ਮਾਰਗਦਰਸ਼ਨ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਦੇਸ਼ ਪੱਧਰ ’ਤੇ ਸਖ਼ਤ ਅਤੇ ਪ੍ਰਭਾਵਸ਼ਾਲੀ ਕਾਨੂੰਨ ਬਣਾਇਆ ਜਾਵੇ। ਦੇਸ਼ ਵਿਚ ਹੋਈਆਂ ਸਾਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਸਚਾਈ ਸਾਹਮਣੇ ਲਿਆਂਦੀ ਜਾਵੇ। ਇਸ ਲਈ ਖ਼ਾਸ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਸੰਤ ਸੀਚੇਵਾਲ ਨੇ ਸਮਾਣੇ ਵਿਚ ਲੱਗੇ ਮੋਰਚੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਉਥੇ ਵੀ ਬੇਅਦਬੀਆਂ ਦਾ ਇਨਸਾਫ਼ ਮੰਗ ਰਹੀਆਂ ਹਨ ਤੇ ਬੇਅਦਬੀਆਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ