ਫੱਗੂਵਾਲਾ ਕੈਂਚੀਆਂ ਵਿਖੇ ਕਾਰ ਵਲੋਂ ਟੱਕਰ ਮਾਰ ਕਾਰਨ ਇਕ ਦੀ ਮੌਤ
ਭਵਾਨੀਗੜ੍ਹ (ਸੰਗਰੂਰ), 10 ਮਾਰਚ (ਲਖਵਿੰਦਰ ਪਾਲ ਗਰਗ)-ਸਥਾਨਕ ਫੱਗੂਵਾਲਾ ਕੈਂਚੀਆਂ ਵਿਖੇ ਸੁਨਾਮ ਸਾਈਡ ਤੋਂ ਆਉਂਦੀ ਇਕ ਕਾਰ ਵਲੋਂ ਇਕ ਵਿਅਕਤੀ ਨੂੰ ਟੱਕਰ ਮਾਰ ਦੇਣ ਕਾਰਨ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਪੁਲਿਸ ਕੋਲ ਲਿਖਾਈ ਗਈ ਸ਼ਿਕਾਇਤ ’ਚ ਪਿੰਡ ਫੱਗੂਵਾਲਾ ਵਾਸੀ ਬਲਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਲਈ ਰਮੇਸ਼ ਕੁਮਾਰ 70 ਸਾਲ ਪੁੱਤਰ ਘਨ੍ਹਈਆ ਵਾਸੀ ਫੱਗੂਵਾਲਾ ਪਿਛਲੇ ਕਰੀਬ 3 ਸਾਲ ਤੋਂ ਨੌਕਰੀ ਕਰਦਾ ਸੀ। ਪਰ ਉਸ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਸੀ ਤੇ ਨਾ ਹੀ ਉਸ ਨੇ ਉਨ੍ਹਾਂ ਨੂੰ ਇਸ ਬਾਰੇ ਕਦੇ ਕੁਝ ਦੱਸਿਆ ਸੀ। ਬੀਤੇ ਦਿਨੀਂ ਉਸ ਦੇ ਗੁਆਂਢੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਕਿ ਤੁਹਾਡੇ ਨੌਕਰ ਦਾ ਫੱਗੂਵਾਲਾ ਕੈਂਚੀਆਂ ਵਿਖੇ ਐਕਸੀਡੈਂਟ ਹੋ ਗਿਆ ਹੈ, ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਸੁਨਾਮ ਵਾਲੀ ਸਾਈਡ ਤੋਂ ਆਉਂਦੀ ਇਕ ਕਾਰ ਵਲੋਂ ਰਮੇਸ਼ ਕੁਮਾਰ ਨੂੰ ਟੱਕਰ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਜਿਸ ਨੂੰ ਚੁੱਕ ਕੇ ਉਹ ਸਥਾਨਕ ਸਰਕਾਰੀ ਹਸਪਤਾਲ ਵਿਖੇ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸੰਬੰਧੀ ਸਹਾਇਕ ਸਬ-ਇੰਸਪੈਕਟਰ ਸਰਬਜੀਤ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕਾਰ ਦੇ ਨਾ-ਮਾਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
;
;
;
;
;
;