2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਬਠਿੰਡਾ ਨੂੰ ਉਦਯੋਗਿਕ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ : ਸੁਖਬੀਰ ਸਿੰਘ ਬਾਦਲ
ਗੋਨਿਆਣਾ ਮੰਡੀ, 7 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਜਿਸਨੇ ਬਠਿੰਡਾ ਨੂੰ ਮੌਜੂਦਾ ਦੌਰ ’ਚ ਵਿਕਸਤ ਕੀਤਾ, ਨੂੰ 2027 ’ਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਉਦਯੋਗਿਕ ਕੇਂਦਰ ਵਜੋਂ ਵਿਕਸਤ ਜਾਵੇਗਾ।
ਇਥੇ ਪਾਰਟੀ ਦੇ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਵਲੋਂ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਜ਼ਿਲ੍ਹੇ ’ਚ ਥਰਮਲ ਪਲਾਂਟ ਲਗਾਏ, ਹਵਾਈ ਅੱਡਾ ਬਣਾਇਆ ਤੇ ਇਥੇ ਵਿਦਿਅਕ ਕੇਂਦਰ ਤੇ ਮੈਡੀਕਲ ਸਹੂਲਤਾਂ ਦਿੱਤੀਆਂ ਤੇ ਕੇਂਦਰੀ ਯੂਨੀਵਰਸਿਟੀ ਦੇ ਨਾਲ-ਨਾਲ ਏਮਜ਼ ਤੇ ਐਡਵਾਂਸ ਕੈਂਸਰ ਇੰਸਟੀਚਿਊਟ ਸਥਾਪਿਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਗਲੇ ਪੜਾਅ ’ਚ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਥੇ ਉਦਯੋਗਿਕ ਕੇਂਦਰ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਖਿੱਤੇ ਦੇ ਅਰਥਚਾਰੇ ਨੂੰ ਉਤਸ਼ਾਹ ਮਿਲੇਗਾ ਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।
ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਇਥੇ ਇਕ ਸਕਿੱਲ ਯੂਨੀਵਰਸਿਟੀ 300 ਏਕੜ ਵਿਚ ਸਥਾਪਿਤ ਕੀਤੀ ਜਾਵੇਗੀ, ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿੱਖਲਾਈ ਦੇਵੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪ੍ਰਸਿੱਧ ਕੰਪਨੀਆਂ ਨੌਜਵਾਨਾਂ ਨੂੰ ਸਿੱਖਲਾਈ ਦੇਣਗੀਆਂ ਤਾਂ ਜੋ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਪ੍ਰਾਪਤ ਹੋ ਸਕਣ।
;
;
;
;
;
;
;