JALANDHAR WEATHER

ਦਾਣਾ ਮੰਡੀ ਡਡਵਿੰਡੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ

ਡਡਵਿੰਡੀ, 18 ਜਨਵਰੀ (ਦਿਲਬਾਗ ਸਿੰਘ ਝੰਡ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਅਤੇ ਜ਼ਿਲ੍ਹਾ ਖਜ਼ਾਨਚੀ ਹਾਕਮ ਸਿੰਘ ਦੀ ਅਗਵਾਈ 'ਚ ਦਾਣਾ ਮੰਡੀ ਡਡਵਿੰਡੀ ਵਿਖੇ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ 18 ਜਨਵਰੀ ਨੂੰ ਮਜੀਠਾ ਵਿਖੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਮੰਨੀ ਹੋਈਆਂ ਕਿਸਾਨੀ ਮੰਗਾਂ ਸਬੰਧੀ ਸਵਾਲ ਪੁੱਛਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਬੁਖਲਾਹਟ ’ਚ ਆ ਕੇ ਪਿਛਲੀ ਅੱਧੀ ਰਾਤ ਤੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਰੀਬ 15 ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅਖੌਤੀ ਲੋਕਤੰਤਰ ਦਾ ਘਾਣ ਕਰਕੇ ਸਰਕਾਰ ਪੁਲਿਸ ਜਬਰ ਰਾਹੀਂ ਕਿਸਾਨ ਆਗੂਆਂ ਦੀ ਜ਼ੁਬਾਨਬੰਦੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ 19 ਮਾਰਚ 2025 ਨੂੰ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ 401 ਦਿਨਾਂ ਤੋਂ ਚੱਲ ਰਹੇ ਕਿਸਾਨ ਮੋਰਚਿਆਂ ਨੂੰ ਪੁਲਿਸ ਜਬਰ ਨਾਲ ਖਦੇੜਿਆ ਗਿਆ। ਇਸ ਦੌਰਾਨ ਟਰੈਕਟਰ-ਟਰਾਲੀਆਂ ਸਮੇਤ ਲਗਭਗ 3 ਕਰੋੜ 77 ਲੱਖ ਰੁਪਏ ਦਾ ਕੀਮਤੀ ਸਮਾਨ ਚੋਰੀ ਹੋਇਆ ਜਾਂ ਭੰਨਤੋੜ ਕਰਕੇ ਨਸ਼ਟ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਾਰਵਾਈ ’ਚ ਲਗਭਗ 435 ਕਿਸਾਨ-ਮਜ਼ਦੂਰ ਜ਼ਖ਼ਮੀ ਹੋਏ ਅਤੇ 49 ਸ਼ਹੀਦ ਹੋਏ, ਪਰ ਅੱਜ ਤੱਕ ਕਿਸੇ ਨੂੰ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰ ਤੋਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਕਿਸਾਨ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ, ਜ਼ੋਨ ਭਾਈ ਲਾਲੋ ਜੀ ਡੱਲਾ ਸਾਹਿਬ ਤੋਂ ਮਨਦੀਪ ਸਿੰਘ ਮੁਹੱਬਲੀਪੁਰ, ਪੰਚ ਤਰਜਿੰਦਰ ਸਿੰਘ ਮੁਹੱਬਲੀਪੁਰ, ਬਲਵਿੰਦਰ ਸਿੰਘ ਬੰਬ, ਸੁਰਜੀਤ ਸਿੰਘ, ਸਵਰਣ ਸਿੰਘ ਸ਼ਾਹਜਹਾਨਪੁਰ, ਬਲਵੀਰ ਸਿੰਘ ਡੱਲਾ, ਰਣਜੀਤ ਸਿੰਘ, ਬਲਵੰਤ ਸਿੰਘ, ਜ਼ੋਨ ਬਾਬਾ ਬੀਰ ਸਿੰਘ ਤੋਂ ਪਿਆਰਾ ਸਿੰਘ ਵਾਟਾਵਾਲੀ ਆਦਿ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ